ਸਰਕਾਰੀ ਸੀਨੀਅਰ ਸੈਕੰਡਰੀ ਆਫ ਐਮੀਨੈਂਸ ਸਕੂਲ ਬਰਨਾਲਾ ਵਿਖੇ ਬਲਵਿੰਦਰ ਸਿੰਘ ਠੀਕਰੀਵਾਲਾ ਦੀ ਪੁਸਤਕ ’ਤੇ ਗੋਸ਼ਟੀ

ਬਰਨਾਲਾ, 17 ਮਈ (ਰਾਕੇਸ਼ ਜੇਠੀ): ਸਾਹਿਤ ਸਰਵਰ ਬਰਨਾਲਾ ਵਲੋਂ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਦੀ ਸੰਪਾਦਿਤ ਪੁਸਤਕ ਰੌਸ਼ਨ ਮੀਨਾਰ ਸੇਵਾ ਸਿੰਘ ਠੀਕਰੀਵਾਲਾ ’ਤੇ ਗੋਸ਼ਟੀ ਤੇ ਕਵੀ ਦਰਬਾਰ ਸਰਕਾਰੀ ਸੀਨੀਅਰ ਸੈਕੰਡਰੀ ਆਫ ਐਮੀਨੈਂਸ ਸਕੂਲ ਬਰਨਾਲਾ ਵਿਖੇ ਕਰਵਾਏ ਗਏ। ਜਿਸ ’ਚ ਪੁਸਤਕ ’ਤੇ ਪੇਪਰ ਪੜ੍ਹਦਿਆਂ ਪ੍ਰਸਿੱਧ ਆਲੋਚਕ ਡਾ. ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਪੁਸਤਕ ’ਚ 14 ਪ੍ਰਸਿੱਧ ਲੇਖਕਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ’ਚੋਂ ਠੀਕਰੀਵਾਲਾ ਦੇ ਦੇਸ਼ ਦੀ ਆਜ਼ਾਦੀ ਤੇ ਰਜਵਾੜਾਸ਼ਾਹੀ ਵਿਰੁੱਧ ਕੀਤੇ ਸਾਂਝੇ ਸੰਘਰਸ਼ ਦੀ ਜਾਣਕਾਰੀ ਮਿਲਦੀ ਹੈ। ਜੋ ਨੌਜਵਾਨ ਪੀੜ੍ਹੀ ਦੇ ਮਨ ’ਚ ਸਵੈਮਾਨ ਨਾਲ਼ ਜਿਉਣ ਦਾ ਜਜ਼ਬਾ ਪੈਦਾ ਕਰੇਗੀ। ਸਮਾਗਮ ਦੇ ਮੁਖ ਮਹਿਮਾਨ ਸ਼ਾਇਰ ਤਰਸੇਮ ਨੇ ਕਿਹਾ ਕਿ ਪੁਸਤਕ ਵਿਚਲੇ ਲੇਖ ਜ਼ਿਆਦਾਤਰ ਜਗਜੀਤ ਸਿੰਘ ਔਲਖ ਦੀ ਠੀਕਰੀਵਾਲਾ ਬਾਰੇ ਲਿਖੀ ਪੁਸਤਕ ’ਤੇ ਆਧਾਰਿਤ ਹਨ। ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰਸਿੱਧ ਕਵੀ ਸੀ. ਮਾਰਕੰਡਾ ਨੇ ਕਿਹਾ ਕਿ ਪੁਸਤਕ ਦੇ ਪਾਠ ਉਪਰੰਤ ਪਾਠਕ ਨੂੰ ਠੀਕਰੀਵਾਲਾ ਦੀ ਸ਼ਹਾਦਤ ਵੇਲੇ ਪਿੱਛੋਂ ਤੇ ਪਹਿਲਾਂ ਦੇ ਸਮਾਜਿਕ ਤੇ ਰਜਵਾੜਾਸ਼ਾਹੀ ਦੇ ਲੋਕਾਂ ’ਤੇ ਢਾਹੇ ਕਹਿਰ ਬਾਰੇ ਵੀ ਜਾਣਕਾਰੀ ਮਿਲਦੀ ਹੈ। ਮੁਲਾਜ਼ਮ ਆਗੂ ਤਰਸੇਮ ਸਿੰਘ ਭੱਠਲ, ਸਰਵਨ ਸਿੰਘ ਕਾਲਾਬੂਲਾ, ਸਾਗਰ ਸਿੰਘ ਸਾਗਰ, ਨਛੱਤਰ ਸਿੰਘ ਠੀਕਰੀਵਾਲਾ, ਦਰਸ਼ਨ ਸਿੰਘ ਠੀਕਰੀਵਾਲਾ, ਲਾਭ ਸਿੰਘ ਔਲਖ, ਕੁਲਵੰਤ ਸਿੰਘ ਧਿੰਗੜ ਤੇ ਜੁਗਰਾਜ ਚੰਦ ਰਾਏਸਰ ਨੇ ਸੰਪਾਦਕ ਦੇ ਕੀਤੇ ਗਏ। ਇਸ ਯਤਨ ਦੀ ਸ਼ਲਾਘਾ ਕੀਤੀ ਤੇ ਕਿਤਾਬ ’ਚ ਕੁਝ ਰਹਿ ਗਈਆਂ ਕਮੀਆਂ ਤੋਂ ਵੀ ਜਾਣੂ ਕਰਵਾਇਆ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪੁਸਤਕ ਦੇ ਸੰਪਾਦਕ ਨੂੰ ਚਰਚਾ ਦੌਰਾਨ ਬੁਲਾਰਿਆਂ ਦੇ ਦਿੱਤੇ ਗਏ ਸੁਝਾਵਾਂ ਨੂੰ ਪ੍ਰਵਾਨ ਕਰਕੇ ਪੁਸਤਕ ਦਾ ਦੂਜਾ ਐਡੀਸ਼ਨ ਛਾਪਣਾ ਚਾਹੀਦਾ ਹੈ। ਇਸ ਮੌਕੇ ਹੋਏ ਕਵੀ ਦਰਬਾਰ ’ਚ ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ, ਰੁਪਿੰਦਰ ਕੌਰ ਸੰਧੂ, ਅਕ੍ਰਿਤੀ ਕੌਸ਼ਲ, ਲਖਵਿੰਦਰ ਸਿੰਘ ਠੀਕਰੀਵਾਲਾ, ਜਸਵਿੰਦਰ ਕੌਰ ਘਨੌਰੀ, ਅਰਮਾਨ ਭੋਤਨਾ ਤੇ ਮਨੀ ਅਮ੍ਰਿਤਸਰੀ ਨੇ ਆਪਣੇ ਗੀਤ ਤੇ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਗੁਰਮਤਿ ਵਿਦਿਆਲਿਆ ਠੀਕਰੀਵਾਲਾ ਦੇ ਵਿਦਿਆਰਥੀਆਂ ਹੁਸਨਪ੍ਰੀਤ ਕੌਰ ਦੇ ਜਥੇ ਤੇ ਆਕਾਸ਼ਦੀਪ ਸਿੰਘ ਦੇ ਜਥੇ ਨੇ ਕਵੀਸ਼ਰੀਆਂ ਪੇਸ਼ ਕੀਤੀਆਂ। ਇਸ ਮੌਕੇ ਹਾਕਮ ਸਿੰਘ ਰੂੜੇਕੇ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਤੇਜਿੰਦਰ ਸਿੰਘ ਚੰਡਿਹੋਕ ਤੇ ਕਰਮਜੀਤ ਭੋਤਨਾ ਆਦਿ ਪੰਜਾਬੀ ਕਵੀ ਹਾਜ਼ਿਰ ਸਨ। ਸਰਵਰ ਦੇ ਅਹੁਦੇਦਾਰਾਂ ਵਲੋਂ ਬਲਵਿੰਦਰ ਸਿੰਘ ਠੀਕਰੀਵਾਲਾ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਦਾ ਫ਼ਰਜ਼ ਸਰਵਰ ਦੇ ਜਨਰਲ ਸੈਕਟਰੀ ਕੁਲਵੰਤ ਸਿੰਘ ਧਿੰਗੜ ਨੇ ਨਿਭਾਇਆ।
