ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਬਰਨਾਲਾ ’ਚ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਵੋਟਰ ਸੂਚੀਆਂ ’ਚ ਛੇੜਛਾੜ ਦੇ ਲੱਗੇ ਦੋਸ਼

ਵਿਧਾਇਕ ਢਿੱਲੋਂ ਨੇ ਮਾਮਲੇ ਦਾ ਲਿਆ ਸਖ਼ਤ ਨੋਟਿਸ: ਧਰਨਾ ਦੇ ਕੇ ਸੜਕਾਂ ਜਾਮ ਕਰਨ ਦੀ ਦਿੱਤੀ ਚਿਤਾਵਨੀ
ਬਰਨਾਲਾ, 17 ਮਈ(ਰਾਕੇਸ਼ ਜੇਠੀ): ਨਗਰ ਨਿਗਮ ਬਰਨਾਲਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਵੋਟਰ ਸੂਚੀਆਂ ’ਚ ਦਰਜ ਨਾਵਾਂ ਦੀ ਇਕ ਵਾਰਡ ਤੋਂ ਦੂਜੇ ਵਾਰਡ ’ਚ ਤਬਦੀਲੀ ਕਰਨ ਦੀ ਪ੍ਰਕਿਰਿਆ ਨੇ ਬਰਨਾਲਾ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਪ੍ਰਸ਼ਾਸਨ ਵਲੋਂ ਵੋਟਾਂ ’ਚ ਕੀਤੀ ਜਾ ਰਹੀ ਤਬਦੀਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਥਾਨਕ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸੋਮਵਾਰ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਧਰਨੇ ’ਤੇ ਬੈਠਣਗੇ ਤੇ ਜੇਕਰ ਲੋੜ ਪਈ ਤਾਂ ਬਰਨਾਲਾ ਦੀਆਂ ਸਾਰੀਆਂ ਸੜਕਾਂ ਵੀ ਜਾਮ ਕਰ ਦੇਣਗੇ। ਵਿਧਾਇਕ ਢਿੱਲੋਂ ਨੇ ਆਪਣੇ ਵਲੋਂ ਜਾਰੀ ਇਕ ਪ੍ਰੈਸ ਨੋਟ ’ਚ ਕਿਹਾ ਕਿ ਉਨ੍ਹਾਂ ਨੂੰ ਕੁਝ ਅਜਿਹੇ ਪੱਕੇ ਸਬੂਤ ਮਿਲੇ ਹਨ ਕਿ ਸੱਤਾਧਾਰੀ ਆਗੂਆਂ ਦੇ ਇਸ਼ਾਰੇ ’ਤੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਵੋਟਾਂ ’ਚ ਤਬਦੀਲੀ ਕੀਤੀ ਜਾ ਰਹੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਕੁਝ ਵੋਟਰਾਂ ਵਲੋਂ ਭਰੇ ਫਾਰਮਾਂ ’ਤੇ ਦਸਤਖ਼ਤ ਵੀ ਜਾਅਲੀ ਕੀਤੇ ਜਾ ਰਹੇ ਹਨ। ਜੋ ਲੋਕਤੰਤਰਿਕ ਪ੍ਰਕਿਰਿਆ ਲਈ ਚਿੰਤਾਜਨਕ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ’ਚ ਬੀਤੇ ਦਿਨੀਂ ਲਿਖ਼ਤੀ ਤੌਰ ’ਤੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਸੀ। ਪਰ ਇਸ ਦੇ ਬਾਵਜੂਦ ਵੀ ਕੁਝ ਅਧਿਕਾਰੀਆਂ ਵਲੋਂ ਇਕ ਵਾਰਡ ਤੋਂ ਦੂਜੇ ਵਾਰਡ ’ਚ ਵੋਟਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹ ਸਥਾਨਕ ਸੱਤਾਧਾਰੀ ਆਗੂਆਂ ਦੇ ਇਸ਼ਾਰੇ ’ਤੇ ਹੀ ਕੀਤਾ ਜਾ ਰਿਹਾ ਕਿਉਂਕਿ ਲੋਕਾਂ ’ਚ ਸਖ਼ਤ ਵਿਰੋਧ ਹੋਣ ਤੋਂ ਬਾਅਦ ਸੱਤਾਧਾਰੀ ਆਗੂਆਂ ਨੂੰ ਆਪਣੀ ਹਾਰ ਨਿਸ਼ਚਿਤ ਦਿਖਾਈ ਦੇ ਰਹੀ ਹੈ। ਵਿਧਾਇਕ ਢਿੱਲੋ ਨੇ ਦੋਸ਼ ਲਗਾਇਆ ਕਿ ਸਥਾਨਕ ਸੱਤਾਧਾਰੀ ਆਗੂ ਆਪਣੀ ਅਸਫ਼ਲਤਾ ਦੇ ਕਾਰਨ ਨਗਰ ਨਿਗਮ ਚੋਣਾਂ ਲੜਨ ਦੀ ਜੁਰਅਤ ਛੱਡ ਬੈਠੇ ਹਨ। ਇਸੇ ਲਈ ਉਹ ਚੋਣਾਂ ਲੁੱਟਣ ਦੇ ਰਾਹ ’ਤੇ ਪਏ ਹੋਏ ਹਨ। ਪਰ ਇਨ੍ਹਾਂ ਸੱਤਾਧਾਰੀ ਆਗੂਆਂ ਨੂੰ ਨਿਗਮ ਚੋਣਾਂ ਕਿਸੇ ਵੀ ਤਰੀਕੇ ਨਾਲ ਲੁੱਟਣ ਨਹੀਂ ਦਿੱਤੀਆਂ ਜਾਣਗੀਆਂ। ਵਿਧਾਇਕ ਢਿੱਲੋਂ ਨੇ ਸਖ਼ਤ ਲਹਿਜ਼ੇ ’ਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤੇ ਕਰਵਾਇਆ ਕਿ ਗ਼ਲਤ ਤਰੀਕੇ ਨਾਲ ਇਕ ਵਾਰਡ ਤੋਂ ਦੂਜੇ ਵਾਰਡ ’ਚ ਤਬਦੀਲ ਕੀਤੀਆਂ ਜਾ ਰਹੀਆਂ ਵੋਟਾਂ ਦੇ ਮਾਮਲੇ ਨੂੰ ਉਹ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਛੱਡਣਗੇ। ਸਗੋਂ ਜੇਕਰ ਇਹ ਮਾਮਲਾ ਹਾਈਕੋਰਟ ਤਕ ਲਿਜਾਣਾ ਪਿਆ ਤਾਂ ਉਹ ਲੈ ਕੇ ਜਾਣਗੇ। ਵਿਧਾਇਕ ਢਿੱਲੋਂ ਨੇ ਇਸ ਪ੍ਰਕਿਰਿਆ ’ਚ ਸ਼ਾਮਿਲ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਾਈਕੋਰਟ ਦੀਆਂ ਪੌੜੀਆਂ ਨਹੀਂ ਚੜ੍ਹਨੀਆਂ। ਸਗੋਂ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਕੀਤੇ ਜਾ ਰਹੇ ਅਜਿਹੇ ਕੰਮਾਂ ਦਾ ਖਮਿਆਜ਼ਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕੱਲੇ ਹੀ ਭੁਗਤਣਾ ਪਵੇਗਾ। ਵਿਧਾਇਕ ਢਿੱਲੋਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਗ਼ਲਤ ਤਰੀਕੇ ਨਾਲ ਵੋਟਰ ਸੂਚੀਆਂ ’ਚ ਵੋਟਾਂ ਤਬਦੀਲ ਕਰਨ ਸਬੰਧੀ ਕੁਝ ਪੁਖ਼ਤਾ ਸਬੂਤ ਹਨ। ਜਿਨਾਂ ਨੂੰ ਲੈ ਕੇ ਉਹ ਸੋਮਵਾਰ ਨੂੰ ਡੀਸੀ ਦਫਤਰ ਅੱਗੇ ਧਰਨਾ ਦੇਣਗੇ ਤੇ ਉਹ ਸਾਰੇ ਜ਼ਿਲ੍ਹੇ ’ਚੋਂ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਬਰਨਾਲੇ ਦੀਆਂ ਸੜਕਾਂ ਵੀ ਜਾਮ ਕਰ ਸਕਦੇ ਹਨ। ਸਥਾਨਕ ਵਿਧਾਇਕ ਵਲੋਂ ਲਾਏ ਦੋਸ਼ਾਂ ਸਬੰਧੀ ਜਦੋਂ ਬਰਨਾਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਕੁਮਾਰ ਮੋਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਰਿਹਾ ਇਹ ਤਾਂ ਉਹ ਜ਼ਰੂਰ ਧਿਆਨ ਦੇਣਗੇ।
