ਹੰਡਿਆਇਆ ਵਿੱਚ ਸਫਾਈ ਸੇਵਕਾਂ ਦੀ ਅਣਮਿੱਥੀ ਹੜਤਾਲ ਸ਼ੁਰੂ, ਮੰਗਾਂ ਨਾ ਮੰਨਣ ’ਤੇ ਤੀਖਾ ਰੋਸ

PrimekhabarPunjab Safai

ਹੰਡਿਆਇਆ- 6 ਮਈ(ਰਾਕੇਸ਼ ਜੇਠੀ) – ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਅੱਜ ਸਫਾਈ ਸੇਵਕ ਯੂਨੀਅਨ ਹੰਡਿਆਇਆ ਦੇ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਸੂਬਾ ਪੱਧਰੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਆਗਾਜ਼ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਪ੍ਰਬੰਧ ਠੱਪ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਖੁੱਡੀ ਅਤੇ ਸੀਨੀਅਰ ਮੀਤ ਪ੍ਰਧਾਨ ਰਾਣੀ ਹੰਡਿਆਇਆ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਫਾਈ ਸੇਵਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰ-ਬਾਰ ਮਸਲੇ ਉਠਾਉਣ ਦੇ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਮਜਬੂਰਨ ਇਹ ਕਦਮ ਚੁੱਕਣਾ ਪਿਆ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਗਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕਰਨਾ, ਸਰਕਾਰ ਦੀ 10 ਸਾਲਾ ਪਾਲਿਸੀ ਰੱਦ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਨਵੀਂ ਭਰਤੀ ਸ਼ੁਰੂ ਕਰਨਾ, ਨਗਰ ਪੰਚਾਇਤਾਂ ਵਿੱਚ ਪੀਐਫ ਸਕੀਮ ਲਾਗੂ ਕਰਨਾ, ਠੇਕੇਦਾਰੀ ਪ੍ਰਣਾਲੀ ਖਤਮ ਕਰਨਾ, ਡੀਏ ਦੀ ਬਕਾਇਆ ਕਿਸ਼ਤ ਜਲਦੀ ਜਾਰੀ ਕਰਨਾ ਅਤੇ ਸਫਾਈ ਸੇਵਕਾਂ ਦੀ ਤਨਖਾਹ ਸਮੇਂ ਸਿਰ ਜਾਰੀ ਕਰਨੀ ਸ਼ਾਮਲ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਹੜਤਾਲ ਤਦ ਤੱਕ ਜਾਰੀ ਰਹੇਗੀ ਜਦ ਤੱਕ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਜਾਂਦੇ।

ਇਸ ਮੌਕੇ ਯੂਨੀਅਨ ਦੇ ਹੋਰ ਮੈਂਬਰਾਂ ਵਿੱਚ ਪੰਕਜ ਕੁਮਾਰ, ਰਵੀ ਕੁਮਾਰ, ਸੁਨੀਤਾ, ਮੁਕੇਸ਼ ਕੁਮਾਰ, ਰਾਣੀ, ਸੰਜੈ ਕੁਮਾਰ, ਕਿਰਣ ਰਾਣੀ, ਸ਼ੇਖਰ ਕੁਮਾਰ, ਨਿਖਿਲ ਕੁਮਾਰ, ਅਮਨਦੀਪ ਅਤੇ ਵਿਸ਼ਾਲ ਸਮੇਤ ਕਈ ਸਫਾਈ ਸੇਵਕ ਮੌਜੂਦ ਸਨ, ਜਿਨ੍ਹਾਂ ਨੇ ਇੱਕਜੁਟਤਾ ਦਿਖਾਉਂਦਿਆਂ ਹੜਤਾਲ ਨੂੰ ਸਫਲ ਬਣਾਉਣ ਦਾ ਸੰਕਲਪ ਲਿਆ।
ਇਸ ਹੜਤਾਲ ਨਾਲ ਜਿੱਥੇ ਇਕ ਪਾਸੇ ਸ਼ਹਿਰ ਦੇ ਸਫਾਈ ਪ੍ਰਬੰਧ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ’ਤੇ ਦਬਾਅ ਵੀ ਵਧ ਰਿਹਾ ਹੈ ਕਿ ਉਹ ਜਲਦੀ ਕੋਈ ਢੁਕਵਾਂ ਹੱਲ ਕੱਢੇ।

About The Author