ਬਰਨਾਲਾ-ਮਾਨਸਾ ਮੁਖ ਮਾਰਗ ’ਤੇ ਹਰੇ ਭਰੇ ਰੁੱਖਾਂ ਦੀ ਹੋ ਰਹੀ ਹੈ ਨਜਾਇਜ ਕਟਾਈ: ਕਾਮਰੇਡ ਗੁਰਚਰਨ

PrimeKhabar Punjab Tree

ਰੂੜੇਕੇ ਕਲਾਂ, 29 ਅਪ੍ਰੈਲ (ਰਾਕੇਸ਼ ਜੇਠੀ): ਬਰਨਾਲਾ-ਮਾਨਸਾ ਮੁਖ ਮਾਰਗ ’ਤੇ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਹੋ ਰਹੀ ਹੈ। ਵਣ ਵਿਭਾਗ ਬਰਨਾਲਾ ਦੇ ਜਿੰਮੇਵਾਰ ਅਧਿਕਾਰੀ ਰੁੱਖਾਂ ਦੀ ਹੋ ਰਹੀ ਨਜਾਇਜ ਕਟਾਈ ਰੋਕਣ ’ਚ ਅਸਫ਼ਲ ਨਜ਼ਰ ਆ ਰਹੇ ਹਨ। ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲਾ ਸਕੱਤਰ ਕਾਮਰੇਡ ਗੁਰਚਰਨ ਸਿੰਘ ਰੂੜੇਕੇ ਕਲਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਤੋਂ ਲੈ ਕੇ ਬਰਨਾਲਾ ਮਾਨਸਾ ਮੁਖ ਮਾਰਗ ਦੀਆਂ ਸਾਈਡਾਂ ਤੇ ਖੜੇ ਤੇ ਪਿੰਡ ਰੂੜੇਕੇ ਕਲਾਂ ਤੋਂ ਵਾਇਆ ਕਾਹਨੇਕੇ, ਭੈਣੀ ਜੱਸਾ, ਧਨੌਲਾ ਜਾਂਦੇ ਮਾਰਗ ਤੇ ਇਲਾਕੇ ਦੀਆਂ ਸੜਕਾਂ ’ਤੇ ਖੜੇ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਹੋ ਰਹੀ ਹੈ। ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕਰਨ ਵਾਲੇ ਵਿਆਕਤੀਆਂ ਖਿਲਾਫ਼ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਰਕੇ ਰੁੱਖਾਂ ਦੀ ਨਜਾਇਜ ਕਟਾਈ ਜਾਰੀ ਹੈ। ਬਹੁ-ਗਿਣਤੀ ਵਿਅਕਤੀਆਂ ਵਲੋਂ ਸਵੇਰੇ ਜਾਂ ਸ਼ਾਮ ਹਨੇਰੇ ’ਚ ਹਰੇ ਭਰੇ ਰੁੱਖਾਂ ਦੇ ਵੱਡੇ ਟਾਹਣਿਆਂ ਤੇ ਰੁੱਖਾਂ ਦੀਆਂ ਟੀਸੀਆਂ ਨੂੰ ਵੱਢ ਕੇ ਲਿਜਾਇਆ ਜਾ ਰਿਹਾ ਹੈ। ਜਿਸ ਕਰਕੇ ਮਾਰਗਾਂ, ਸੜਕਾਂ ਦੀਆਂ ਸਾਈਡਾਂ ’ਤੇ ਖੜੇ ਰੁੱਖਾਂ ਦਾ ਸਹੀ ਵਾਧਾ ਨਹੀਂ ਹੋ ਰਿਹਾ ਹੈ ਕਿਉਂਕਿ ਇਲਾਕੇ ’ਚ ਰੁੱਖਾਂ ਦੀ ਨਜਾਇਜ ਕਟਾਈ ਪਿਛਲੇ ਸਾਲਾਂ ਤੋਂ ਲੈ ਕੇ ਜੋਰਾ ਤੇ ਚੱਲ ਰਹੀ ਹੈ। ਮਾਰਗਾਂ, ਸੜਕਾਂ ਦੀਆਂ ਸਾਈਡਾਂ ’ਤੇ ਪਸ਼ੂ ਡੰਗਰ ਤੇ ਬੱਕਰੀਆਂ ਚਰਾਉਣ ਵਾਲੇ ਵਿਆਕਤੀਆਂ ਵਲੋਂ ਅਣਗਹਿਲੀ ਵਰਤਦਿਆਂ ਵੱਖ-ਵੱਖ ਸਕੀਮਾਂ ਤਹਿਤ ਲਗਾਏ ਛੋਟੇ ਬੂਟਿਆਂ ਨੂੰ ਪਸ਼ੂਆਂ ਤੋਂ ਖਵਾ ਕੇ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇਕਰ ਸਬੰਧਿਤ ਸਰਕਾਰੀ ਵਿਭਾਗਾਂ ਦੇ ਜਿੰਮੇਵਾਰ ਅਧਿਕਾਰੀ ਹਰੇ ਭਰੇ ਰੁੱਖਾਂ ਦਾ ਨੁਕਸਾਨ ਕਰਨ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਰਗਾਂ ’ਤੇ ਸੜਕਾਂ ਦੀਆਂ ਸਾਈਡਾਂ ’ਤੇ ਖੜੇ ਰੁੱਖਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਦਾ ਹਰੇ ਭਰੇ ਰੁੱਖਾਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਵਣ ਵਿਭਾਗ ਤੇ ਡੀਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਜ਼ਿਲੇ ਭਰ ’ਚ ਮੁਖ ਮਾਰਗਾਂ, ਲਿੰਕ ਸੜਕਾਂ, ਸਰਕਾਰੀ ਰਸਤਿਆਂ, ਪਹੀਆਂ ’ਤੇ ਖੜੇ ਹਰੇ ਭਰੇ ਸਰਕਾਰੀ ਰੁੱਖਾਂ ਦੀ ਸੁਰੱਖਿਆ ਦਾ ਵਿਸ਼ੇਸ਼ ਪ੍ਰਬੰਧ ਕਰਕੇ ਰੁੱਖ ਵੱਢਣ ਵਾਲੇ ਵਿਆਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

About The Author