ਜੁੱਤੀਆਂ ਸਣੇ ਜੋਤ ਪ੍ਰਚੰਡ: ਧਰਮ ਦੇ ਨਾਮ `ਤੇ ਦਿਖਾਵਾ ਜਾਂ ਰੱਬ ਨਾਲੋਂ ਵੱਡਾ ਹੋਣ ਦਾ ਭਰਮ?

PrimekhabarPunjab YS school

ਵਾਈ.ਐੱਸ ਗਰੁੱਪ ਬਰਨਾਲਾ ਦੇ ਪ੍ਰਬੰਧਕ ਵਰੁਣ ਭਾਰਤੀ ਤੇ ਪਿ੍ਰੰਸੀਪਲ ਗੁਰਪਾਲ ਸਿੰਘ ਦੀ ਹਰਕਤ ਨੇ ਮਰਿਆਦਾ ਕੀਤੀ ਤਾਰ-ਤਾਰ!

ਬਰਨਾਲਾ, 2 ਅਪ੍ਰੈਲ (ਰਾਕੇਸ਼ ਜੇਠੀ): ਜ਼ਿਲ੍ਹੇ ਦੀ ਇਕ ਵਿਦਿਅਕ ਸੰਸਥਾ ਵਾਈ.ਐੱਸ. ਗਰੁੱਪ ਦੇ ਕੈਂਪਸ ’ਚ ਧਾਰਮਿਕ ਮਰਿਆਦਾ ਨੂੰ ਛਿੱਕੇ ਟੰਗਣ ਦਾ ਇਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੰਸਥਾ ਦੇ ਮੁਖੀ ਵਰੁਣ ਭਾਰਤੀ ਤੇ ਪ੍ਰਿੰਸੀਪਲ ਗੁਰਪਾਲ ਸਿੰਘ ਨੇ ਮਾਤਾ ਸਰਸਵਤੀ ਦੀ ਮੂਰਤੀ ਅੱਗੇ ਜੋਤ ਜਗਾਉਂਦੇ ਸਮੇਂ ਜੁੱਤੀਆਂ ਨਾ ਉਤਾਰ ਕੇ ਧਾਰਮਿਕ ਮਰਿਆਦਾ ਨੂੰ ਗੰਭੀਰ ਸੱਟ ਮਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਰੋਡ `ਤੇ ਸਥਿਤ ਵਾਈ.ਐੱਸ. ਕਾਲਜ ਹੰਡਿਆਇਆ ਵਿਖੇ ਪਿਛਲੇ ਦਿਨੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ। ਇਸ ਸਮਾਗਮ ’ਚ ਉੱਚ ਅਧਿਕਾਰੀ, ਇਲਾਕੇ ਦੇ ਨੁਮਾਇੰਦੇ ਤੇ ਵਿਦਿਆਰਥੀ ਮੌਜੂਦ ਸਨ। ਸਮਾਗਮ ਦੇ ਆਗਾਜ਼ ਵੇਲੇ ਜਦੋਂ ਵਿਦਿਆ ਦੀ ਦੇਵੀ ਮਾਤਾ ਸਰਸਵਤੀ ਜੀ ਦੀ ਮੂਰਤੀ ਅੱਗੇ ਜੋਤ ਪ੍ਰਚੰਡ ਕਰਨ ਦੀ ਰਸਮ ਸ਼ੁਰੂ ਹੋਈ ਤਾਂ ਸਭ ਉਸ ਵੇਲੇ ਹੈਰਾਨ ਰਹਿ ਗਏ। ਜਦੋਂ ਗਰੁੱਪ ਦੇ ਮੁਖੀ ਵਰੁਣ ਭਾਰਤੀ ਤੇ ਪ੍ਰਿੰਸੀਪਲ ਗੁਰਪਾਲ ਸਿੰਘ ਨੇ ਆਪਣੇ ਪੈਰਾਂ ’ਚ ਪਾਈ ਜੁੱਤੀ ਉਤਾਰਨੀ ਵੀ ਮੁਨਾਸਿਬ ਨਹੀਂ ਸਮਝੀ। ਹਿੰਦੂ ਧਰਮ ਦੀਆਂ ਪ੍ਰਾਚੀਨ ਮਰਿਆਦਾਵਾਂ ਅਨੁਸਾਰ ਕਿਸੇ ਵੀ ਦੇਵੀ-ਦੇਵਤੇ ਦੇ ਸਰੂਪ ਅੱਗੇ ਜੋਤ ਜਗਾਉਣ ਵੇਲੇ ਜੁੱਤੀ ਉਤਾਰਨਾ ਨਾ ਸਿਰਫ਼ ਇਕ ਰਸਮ ਹੈ। ਸਗੋਂ ਇਹ ਅਥਾਹ ਸਤਿਕਾਰ ਦਾ ਪ੍ਰਤੀਕ ਵੀ ਹੈ। ਸਮਾਗਮ ਦੌਰਾਨ ਹਾਜ਼ਰ ਲੋਕਾਂ ’ਚ ਇਸ ਹਰਕਤ ਨੂੰ ਲੈ ਕੇ ਦਬੀ ਜ਼ੁਬਾਨ ’ਚ ਚਰਚਾ ਸ਼ੁਰੂ ਹੋ ਗਈ। ਹਾਲਾਂਕਿ ਮੌਕੇ `ਤੇ ਮੌਜੂਦ ਕਈ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਉਸ ਸਮੇਂ ਚੁੱਪ ਵੱਟੀ ਰੱਖੀ। ਪਰ ਬਾਅਦ ’ਚ ਆਫ਼ ਦੀ ਰਿਕਾਰਡ ਗੱਲਬਾਤ ਕਰਦਿਆਂ ਉਨ੍ਹਾਂ ਮੰਨਿਆ ਕਿ ਇਹ ਇਕ ਵੱਡੀ ਧਾਰਮਿਕ ਕੁਰਹਿਤ ਹੈ।

—ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਖੁਦ ਸਵਾਲਾਂ ਦੇ ਘੇਰੇ ’ਚ

ਇਹ ਮਾਮਲਾ ਇਸ ਲਈ ਵੀ ਗੰਭੀਰ ਰੂਪ ਅਖ਼ਤਿਆਰ ਕਰ ਰਿਹਾ ਹੈ ਕਿਉਂਕਿ ਵਿਦਿਅਕ ਸੰਸਥਾਵਾਂ ਨੂੰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਜਿਥੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਤੇ ਧਾਰਮਿਕ ਸਤਿਕਾਰ ਦਾ ਪਾਠ ਪੜ੍ਹਾਇਆ ਜਾਂਦਾ ਹੈ। ਸੋਸ਼ਲ ਮੀਡੀਆ ਤੇ ਜਨਤਕ ਹਲਕਿਆਂ ’ਚ ਇਹ ਸਵਾਲ ਉੱਠ ਰਹੇ ਹਨ ਕਿ ਜੇਕਰ ਸੰਸਥਾ ਦੇ ਮੁਖੀ ਖੁਦ ਹੀ ਇਨ੍ਹਾਂ ਬੁਨਿਆਦੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਵਿਦਿਆਰਥੀਆਂ ਨੂੰ ਕਿਹੜੀ ਸਿੱਖਿਆ ਦੇ ਰਹੇ ਹਨ? ਲੋਕਾਂ ਦਾ ਕਹਿਣਾ ਹੈ ਕਿ ਪੂਜਾ ਦੌਰਾਨ ਅਜਿਹੀ ਲਾਪਰਵਾਹੀ ਸਿਰਫ਼ ਗ਼ਲਤੀ` ਨਹੀਂ ਬਲਕਿ ਬੇਅਦਬੀ ਦੇ ਤੁੱਲ ਹੈ।

—ਸੰਸਥਾ ਮੁਖੀ ਦਾ ਪੱਖ ਤੇ ਉੱਠਦੇ ਸਵਾਲ

ਜਦੋਂ ਇਸ ਸਬੰਧੀ ਵਾਈਐਸ ਗਰੁਪ ਦੇ ਮੁਖੀ ਵਰੁਣ ਭਾਰਤੀ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਉਨ੍ਹਾਂ ਗੱਲ ਕਰਨ ਵਾਲੇ ਪਤਰਕਾਰ ਨਾਲ ਤਿੱਖੀ ਬਹਿਸਬਾਜ਼ੀ ਕੀਤੀ। ਹਾਲਾਂਕਿ ਬਾਅਦ ’ਚ ਨਰਮ ਹੁੰਦਿਆਂ ਉਨ੍ਹਾਂ ਇਸ ਨੂੰ ਇਕ ਅਣਜਾਣੇ ’ਚ ਹੋਈ ਗ਼ਲਤੀ` ਕਰਾਰ ਦਿੱਤਾ। ਪਰ ਇਸ ਸਪੱਸ਼ਟੀਕਰਨ ਨੇ ਹੋਰ ਵੀ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਪੂਜਾ ਵਰਗੇ ਪਵਿੱਤਰ ਕਾਰਜ ਵੇਲੇ ਕੋਈ ਮਨੁੱਖ ਇੰਨਾ ਗ਼ੈਰ-ਹਾਜ਼ਰ ਦਿਮਾਗ ਹੋ ਸਕਦਾ ਹੈ ਕਿ ਉਸ ਨੂੰ ਜੁੱਤੀਆਂ ਦਾ ਅਹਿਸਾਸ ਨਾ ਹੋਵੇ? ਕੀ ਇਹ ਸਾਰੀ ਪ੍ਰਕਿਰਿਆ ਸਿਰਫ਼ ਇਕ ਦਿਖਾਵਾ ਸੀ? ਕੀ ਸੰਸਥਾ ਮੁਖੀ ਇਸ ਵੱਡੀ ਭੁੱਲ ਲਈ ਜਨਤਕ ਤੌਰ `ਤੇ ਪਸ਼ਚਾਤਾਪ ਕਰਨਗੇ?

—ਕੀ ਅਹੁਦਾ ਤੇ ਰੁਤਬਾ ਰੱਬ ਤੋਂ ਵੀ ਵੱਡਾ ਹੈ?

ਇਸ ਘਟਨਾ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਇਨ੍ਹਾਂ ਵਿਦਿਅਕ ਪ੍ਰਬੰਧਕਾਂ ਲਈ ਉਨ੍ਹਾਂ ਦਾ ਅਹੁਦਾ ਤੇ ਸਮਾਜਿਕ ਰੁਤਬਾ ਰੱਬ ਤੇ ਧਾਰਮਿਕ ਆਸਥਾ ਤੋਂ ਵੀ ਵੱਡਾ ਹੋ ਗਿਆ ਹੈ? ਹਿੰਦੂ ਧਰਮ ’ਚ ਕਿਸੇ ਵੀ ਦੇਵੀ-ਦੇਵਤੇ ਦੇ ਸਨਮੁੱਖ ਜੁੱਤੀਆਂ ਪਾ ਕੇ ਜਾਣਾ ਜਾਂ ਜੋਤ ਪ੍ਰਚੰਡ ਕਰਨਾ ਸਿੱਧੇ ਤੌਰ `ਤੇ ਅਪਮਾਨ ਮੰਨਿਆ ਜਾਂਦਾ ਹੈ। ਜਨਤਕ ਤੌਰ `ਤੇ ਵਾਪਰੀ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ਾਇਦ ਸੰਸਥਾ ਦੇ ਮੁਖੀ ਆਪਣੇ ਆਪ ਨੂੰ ਨਿਯਮਾਂ ਤੇ ਧਾਰਮਿਕ ਮਰਿਆਦਾਵਾਂ ਤੋਂ ਉੱਪਰ ਸਮਝਣ ਲੱਗ ਪਏ ਹਨ।

—ਵਿਦਿਆਰਥੀਆਂ `ਤੇ ਕੀ ਪਵੇਗਾ ਪ੍ਰਭਾਵ?

ਵਿਦਿਅਕ ਸੰਸਥਾ ਦਾ ਕੰਮ ਬੱਚਿਆਂ ਨੂੰ ਸੰਸਕਾਰ ਤੇ ਨੈਤਿਕਤਾ ਸਿਖਾਉਣਾ ਹੁੰਦਾ ਹੈ। ਪਰ ਜਦੋਂ ਸੰਸਥਾ ਦੇ ਸਰਬਰਾਹ ਹੀ ਸੈਂਕੜੇ ਵਿਦਿਆਰਥੀਆਂ ਦੇ ਸਾਹਮਣੇ ਅਜਿਹੀ `ਧਾਰਮਿਕ ਕੁਰਹਿਤ` ਕਰਦੇ ਹਨ ਤਾਂ ਉਹ ਨਵੀਂ ਪੀੜ੍ਹੀ ਨੂੰ ਕੀ ਸੰਦੇਸ਼ ਦੇ ਰਹੇ ਹਨ? ਅਗਰਵਾਲ ਸਭਾ ਯੂਥ ਵਿੰਗ ਸ਼ਹਿਣਾ ਦੇ ਪ੍ਰਧਾਨ ਲਵਲੇਸ਼ ਗੋਇਲ ਦਾ ਕਹਿਣਾ ਹੈ ਕਿ ਜੇਕਰ ਕੋਈ ਆਮ ਇਨਸਾਨ ਅਜਿਹੀ ਗ਼ਲਤੀ ਕਰਦਾ ਤਾਂ ਸ਼ਾਇਦ ਹੁਣ ਤਕ ਵੱਡਾ ਬਵਾਲ ਖੜ੍ਹਾ ਹੋ ਜਾਂਦਾ। ਪਰ `ਵੱਡੇ ਘਰਾਂ` ਦੇ ਇਨ੍ਹਾਂ ਪ੍ਰਬੰਧਕਾਂ ਨੇ ਇਸ ਨੂੰ ਮਹਿਜ਼ ਇਕ `ਗ਼ਲਤੀ` ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ।

—ਪਸ਼ਚਾਤਾਪ ਜਾਂ ਸਿਰਫ਼ ਬਹਾਨੇਬਾਜ਼ੀ?

ਹਾਲਾਂਕਿ ਵਰੁਣ ਭਾਰਤੀ ਨੇ ਗੱਲ ਕਰਨ ਵਾਲੇ ਪੱਤਰਕਾਰ ਨਾਲ ਬਹਿਸ ਤੋਂ ਬਾਅਦ ਇਸ ਨੂੰ ਗ਼ਲਤੀ ਮੰਨਿਆ ਹੈ। ਪਰ ਸਵਾਲ ਉਹੀ ਹੈ ਕਿ ਧਾਰਮਿਕ ਕਾਰਜਾਂ ’ਚ `ਗ਼ਲਤੀ` ਨਹੀਂ `ਨੀਅਤ` ਦੇਖੀ ਜਾਂਦੀ ਹੈ। ਜੇਕਰ ਉਹ ਮਾਨਸਿਕ ਤੌਰ `ਤੇ ਉੱਥੇ ਮੌਜੂਦ ਸਨ ਤਾਂ ਜੁੱਤੀਆਂ ਦਾ ਅਹਿਸਾਸ ਨਾ ਹੋਣਾ ਅਸੰਭਵ ਹੈ। ਕੀ ਇਹ ਮੰਨ ਲਿਆ ਜਾਵੇ ਕਿ ਇਹ ਪੂਜਾ ਸਿਰਫ਼ ਇਕ ਫੋਟੋ-ਸ਼ੂਟ ਜਾਂ ਦਿਖਾਵਾ ਸੀ?

—ਕੀ ਹਿੰਦੂ ਧਾਰਮਿਕ ਜਥੇਬੰਦੀ ਅੱਗੇ ਆਵੇਗੀ?

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਬਰਨਾਲਾ ਜ਼ਿਲ੍ਹੇ ਦੀ ਕੋਈ ਹਿੰਦੂ ਧਾਰਮਿਕ ਜਥੇਬੰਦੀ ਅੱਗੇ ਆਵੇਗੀ। ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤਹਿਤ ਪਰਚਾ ਦਰਜ ਕਰਵਾਏ। ਆਮ ਲੋਕਾਂ ਦੀਆਂ ਨਜ਼ਰਾਂ ਵੀ ਇਸ ਪਾਸੇ ਟਿਕੀਆਂ ਹੋਈਆਂ ਹਨ ਕਿ ਬਰਨਾਲਾ ਦੀਆਂ ਧਾਰਮਿਕ ਜਥੇਬੰਦੀਆਂ ਇਸ ਮਾਮਲੇ `ਤੇ ਕੀ ਸਟੈਂਡ ਲੈਂਦੀਆਂ ਹਨ ਜਾਂ ਫਿਰ ਪ੍ਰਭਾਵਸ਼ਾਲੀ ਲੋਕਾਂ ਦੇ ਇਸ ਮਾਮਲੇ ਅੱਗੇ ਬੋਲਣ ਤੋਂ ਟਾਲਾ ਵੱਟਿਆ ਜਾਵੇਗਾ।

About The Author

You may have missed