ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਰਕਾਰੀ ਸਕੂਲ ਭੱਦਲਵੱਡ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਰੂਹਾਨੀ ਮਾਹੌਲ ਬਣਿਆ

PrimekhabarPunjab Bhaalvad

ਭੱਦਲਵੱਡ,1 ਅਪ੍ਰੈਲ (ਰਾਕੇਸ਼ ਜੇਠੀ) – ਨਵੇਂ ਸਿੱਖਿਆ ਸੈਸ਼ਨ ਦੀ ਖੁਸ਼ੀ ਨੂੰ ਮਨਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦਲਵੱਡ ਵਿੱਚ ਆਤਮਿਕ ਤੇ ਸ਼ਾਂਤਮਈ ਵਾਤਾਵਰਣ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸਕੂਲ ਪ੍ਰੰਗਣ ਵਿੱਚ ਭਗਤੀ ਰਸ ਨਾਲ ਭਰਪੂਰ ਮਾਹੌਲ ਬਣ ਗਿਆ, ਜਿੱਥੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ਸ਼ਰਧਾ ਨਾਲ ਹਾਜ਼ਰੀ ਲਗਵਾਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਕਾਸ ਗੋਇਲ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਵੱਲੋਂ ਆਏ ਪਤਵੰਤੇ ਸੱਜਣਾ ਦਾ ਦਿਲੋਂ ਸਵਾਗਤ ਕੀਤਾ ਗਿਆ। ਸਮਾਗਮ ਵਿੱਚ ਭੱਦਲਵੱਡ ਦੇ ਸਰਪੰਚ ਸ. ਦਰਸ਼ਨ ਸਿੰਘ ਸਮੇਤ ਪੰਚਾਇਤ ਮੈਂਬਰ ਅਤੇ ਅਮਲਾ ਸਿੰਘ ਪਿੰਡ ਦੇ ਸਰਪੰਚ ਸ. ਸਰਬਜੀਤ ਸਿੰਘ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਸਮੂਹ ਸਟਾਫ ਵੱਲੋਂ ਸੇਵਾ ਭਾਵ ਨਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਾਰੇ ਹਾਜ਼ਰੀਨਾਂ ਨੇ ਪ੍ਰੇਮ ਅਤੇ ਸਾਂਝ ਦੇ ਰੰਗ ਵਿੱਚ ਰੰਗ ਕੇ ਭਾਗ ਲਿਆ। ਇਸ ਦੌਰਾਨ ਸ੍ਰੀਮਤੀ ਕਵਿਤਾ ਵੱਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਆਧੁਨਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਅੰਤ ਵਿੱਚ ਸਕੂਲ ਪ੍ਰਬੰਧਨ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਇਹ ਸਮਾਗਮ ਸਿਰਫ਼ ਨਵੇਂ ਸੈਸ਼ਨ ਦੀ ਸ਼ੁਰੂਆਤ ਨਹੀਂ, ਸਗੋਂ ਇੱਕ ਨਵੀਂ ਉਮੀਦ ਅਤੇ ਸਕਾਰਾਤਮਕ ਸੋਚ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।

About The Author

You may have missed