ਸਕੂਲ ਜੋਧਪੁਰ ਵੱਲੋਂ ਜੈਪੁਰ (ਰਾਜਸਥਾਨ) ਦਾ 6 ਦਿਨਾਂ ਵਿਦਿਅਕ ਟੂਰ ਆਯੋਜਿਤ ਕੀਤਾ….

ਬਰਨਾਲਾ-25ਫਰਵਰੀ-(ਰਾਕੇਸ਼ ਜੇਠੀ)-ਪੀ.ਐੱਮ. ਸ੍ਰੀ ਸ.ਸ.ਸ. ਸਕੂਲ ਜੋਧਪੁਰ ਵੱਲੋਂ ਜੈਪੁਰ (ਰਾਜਸਥਾਨ) ਦਾ 6 ਦਿਨਾਂ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ। ਇਸ ਟੂਰ ਵਿੱਚ ਸਕੂਲ ਦੀਆਂ 50 ਮੈਰੀਟੋਰੀਅਸ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਦੀ ਚੋਣ ਉਨ੍ਹਾਂ ਦੇ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਕੀਤੀ ਗਈ ਸੀ।
ਟੂਰ ਦੌਰਾਨ ਵਿਦਿਆਰਥਣਾਂ ਦੇ ਰਹਿਣ ਲਈ ਹੋਟਲ ਮਜੈਂਟਾ, ਜੈਪੁਰ ਵਿੱਚ ਸੁਚੱਜਾ ਪ੍ਰਬੰਧ ਕੀਤਾ ਗਿਆ। ਇਸ ਵਿਦਿਅਕ ਦੌਰੇ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਮੋਦੀ ਨੇ ਕੀਤੀ। ਸਟਾਫ ਮੈਂਬਰਾਂ ਵਿੱਚ ਸ੍ਰੀਮਤੀ ਯੁਵਰਾਜ, ਸ੍ਰੀਮਤੀ ਅਮਰਿੰਦਰ ਕੌਰ, ਸ੍ਰੀਮਤੀ ਲਲਿਤਾ ਅਤੇ ਸ੍ਰੀਮਤੀ ਲਵਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਰਾਜਸਥਾਨ ਦੇ ਵਿਭਿੰਨ ਸੱਭਿਆਚਾਰ, ਇਤਿਹਾਸ ਅਤੇ ਰਿਵਾਜਾਂ ਬਾਰੇ ਜਾਣੂ ਕਰਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਟੂਰ ਦੇ ਪਹਿਲੇ ਦਿਨ ਵਿਦਿਆਰਥਣਾਂ ਨੂੰ ਸਿਟੀ ਪੈਲੇਸ, ਹਵਾ ਮਹਿਲ, ਜੰਤਰ-ਮੰਤਰ, ਜੈਪੁਰ ਚਿੜੀਆਘਰ ਅਤੇ ਅਲਬਰਟ ਹਾਲ ਮਿਊਜ਼ੀਅਮ ਦਾ ਦੌਰਾ ਕਰਵਾਇਆ ਗਿਆ। ਇਨ੍ਹਾਂ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਬਾਰੇ ਵਿਦਿਆਰਥਣਾਂ ਨੂੰ ਗਾਈਡ ਦੁਆਰਾ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦਾ ਇਤਿਹਾਸਕ ਅਤੇ ਸੱਭਿਆਚਾਰਕ ਗਿਆਨ ਵਧਿਆ।
ਅਗਲੇ ਦਿਨ ਵਿਦਿਆਰਥਣਾਂ ਨੇ ਜੈਗੜ੍ਹ ਕਿਲ੍ਹਾ, ਆਮੇਰ ਕਿਲ੍ਹਾ ਅਤੇ ਰਾਜ ਮੰਦਰ ਦਾ ਦੌਰਾ ਕੀਤਾ। ਵਿਸ਼ਾਲ ਕਿਲ੍ਹਿਆਂ ਦੀ ਸ਼ਾਨ ਅਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਵਿਦਿਆਰਥਣਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਬਿਰਲਾ ਪਲੇਨੇਟੋਰੀਅਮ ਵਿੱਚ ਤਾਰਾ-ਮੰਡਲ ਸਬੰਧੀ ਵਿਗਿਆਨਕ ਫਿਲਮ ਦਿਖਾਈ ਗਈ। ਸਾਇੰਸ ਪਾਰਕ ਦੇ ਦੌਰੇ ਦੌਰਾਨ ਵਿਦਿਆਰਥਣਾਂ ਨੇ ਵਿਗਿਆਨ ਨਾਲ ਸਬੰਧਤ ਵੱਖ-ਵੱਖ ਮਾਡਲਾਂ ਨੂੰ ਵੇਖਿਆ ਅਤੇ ਸਮਝਿਆ। ਇਸ ਤੋਂ ਇਲਾਵਾ ਜਲ ਮਹਿਲ ਅਤੇ ਬਾਪੂ ਬਾਜ਼ਾਰ ਦਾ ਵੀ ਦੌਰਾ ਕਰਵਾਇਆ ਗਿਆ।

ਟੂਰ ਦੌਰਾਨ ਜਲ ਮਹਿਲ ਨੇੜੇ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਵੀ ਵਿਦਿਆਰਥਣਾਂ ਲਈ ਆਕਰਸ਼ਣ ਦਾ ਕੇਂਦਰ ਰਿਹਾ। ਨਾਹਰਗੜ੍ਹ ਜੀਵ-ਵਿਗਿਆਨ ਪਾਰਕ ਦੇ ਦੌਰੇ ਨਾਲ ਵਿਦਿਆਰਥਣਾਂ ਨੂੰ ਜੰਗਲੀ ਜੀਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ।
ਵਾਪਸੀ ਦੌਰਾਨ ਚੌਖੀ ਢਾਣੀ ਵਿਖੇ ਵਿਦਿਆਰਥਣਾਂ ਨੂੰ ਰਾਜਸਥਾਨੀ ਲੋਕ ਜੀਵਨ, ਭੋਜਨ ਅਤੇ ਸੱਭਿਆਚਾਰ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਇਸ ਦੌਰੇ ਨੇ ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੂੰ ਨਵਾਂ ਅਨੁਭਵ ਪ੍ਰਦਾਨ ਕੀਤਾ।
ਛੇ ਦਿਨਾਂ ਦਾ ਇਹ ਸਫਲ ਵਿਦਿਅਕ ਟੂਰ ਪੂਰਾ ਕਰਨ ਤੋਂ ਬਾਅਦ ਸਕੂਲ ਦੀ ਬੱਸ ਸੁਰੱਖਿਅਤ ਤਰੀਕੇ ਨਾਲ ਵਾਪਸ ਸਕੂਲ ਪਹੁੰਚ ਗਈ।
