ਪ੍ਰਸ਼ਾਸਨ ਉੱਪਰ ਚੱਲੇ ਰੋੜੇ: ਨਗਰ ਸੁਧਾਰ ਟਰੱਸਟ ਦੀ ਸਰਕਾਰੀ ਜਗ੍ਹਾ ਉੱਪਰ ਬਣੀਆਂ ਝੁੱਗੀਆਂ ’ਤੇ ਚੱਲਿਆ ਪੀਲਾ ਪੰਜਾ

PrimekhabarPunjab 25ACR

ਬਰਨਾਲਾ, 30 ਜਨਵਰੀ (ਰਾਕੇਸ਼ ਜੇਠੀ): ਬਰਨਾਲਾ ’ਚ ਸ਼ੁੱਕਰਵਾਰ ਨੂੰ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ। ਜਦੋਂ ਨਗਰ ਸੁਧਾਰ ਟਰੱਸਟ ਦੀ 25 ਏਕੜ ’ਚ ਸਰਕਾਰੀ ਜਗ੍ਹਾ ਉੱਪਰ ਬਣੀਆਂ ਝੁੱਗੀਆਂ ’ਤੇ ਪ੍ਰਸ਼ਾਸਨ ਵਲੋਂ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਝੁੱਗੀ ਵਾਲਿਆਂ ਵਲੋਂ ਝੁੱਗੀਆਂ ਢਾਹੁਣ ਆਏ ਪ੍ਰਸ਼ਾਸਨ ਉੱਪਰ ਰੋੜੇ ਵੀ ਚਲਾਏ ਗਏ। ਉੱਥੇ ਪ੍ਰਸ਼ਾਸਨ ਦੇ ਅਧਿਕਾਰੀ ਇਸ ਨੂੰ ਕਾਨੂੰਨੀ ਪ੍ਰਕਿਰਿਆ ਦੱਸਦੇ ਰਹੇ। ਜਦੋਂ ਕਿ ਝੁੱਗੀ ਵਾਲੇ ਪ੍ਰਸ਼ਾਸਨ ਉੱਪਰ ਉਨ੍ਹਾਂ ਦੇ ਘਰ ਖੋਹਣ ਦੇ ਇਲਜ਼ਾਮ ਲਗਾ ਰਹੇ ਹਨ। ਬਰਨਾਲਾ ਨਗਰ ਸੁਧਾਰ ਟਰੱਸਟ ਵਲੋਂ ਝੁੱਗੀ ਝੌਪੜੀਆਂ ਵਾਲਿਆਂ ਤੇ ਵੱਡਾ ਐਕਸ਼ਨ ਦਿਖਾਈ ਦੇ ਰਿਹਾ ਹੈ। ਜਿਸ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਆਪਣੇ ਮੁਲਾਜ਼ਮਾਂ ਤੇ ਪੁਲਿਸ ਪ੍ਰਸ਼ਾਸਨ ਸਮੇਤ ਵੱਡੇ ਪੱਧਰਤੇ ਬਰਨਾਲਾ ਦੇ 25 ਏਕੜ ’ਚ ਰਹਿ ਰਹੇ ਝੁੱਗੀ ਝੌਪੜੀ ਵਾਲਿਆਂ ਦੇ ਘਰਾਂ ਤੇ ਪੀਲਾ ਪੰਜਾ ਚਲਾ ਦਿੱਤਾ। ਜਿਸ ’ਚ ਇਸ ਝੁੱਗੀ ਝੌਪੜੀਆਂ ’ਚ ਰਹਿਣ ਵਾਲੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਉਹ ਪਿਛਲੇ 60 ਸਾਲਾਂ ਤੋਂ ਇਨ੍ਹਾਂ ਝੁੱਗੀਆਂ ਝੌਪੜੀਆਂ ’ਚ ਰਹਿ ਰਹੇ ਹਨ। ਜਿਨ੍ਹਾਂ ਦੀਆਂ ਵੋਟਾਂ ਤੇ ਆਧਾਰ ਕਾਰਡ ਵੀ ਬਣੇ ਹੋਏ ਹਨ। ਉਨ੍ਹਾਂ ਨੂੰ ਠੰਡ ਦੇ ਮੌਸਮ ’ਚ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਉਹ ਆਪਣੇ ਬੱਚਿਆਂ ਤੇ ਪਰਿਵਾਰਿਕ ਮੈਂਬਰਾਂ ਨੂੰ ਕਿੱਧਰ ਲੈ ਕੇ ਜਾਣਗੇ। ਉਹ ਪਿਛਲੇ ਕਈ ਸਾਲਾਂ ਤੋਂ ਇਥੇ ਰਹਿ ਰਹੇ ਹਨ। ਪਰ ਉਨ੍ਹਾਂ ਨੂੰ ਕੋਈ ਵੀ ਦੂਜੀ ਥਾਂ ਨਹੀਂ ਦਿੱਤੀ ਗਈ। ਜਿਸ ਨਾਲ ਸ਼ਰੇਆਮ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਧੱਕਾ ਕੀਤਾ ਜਾ ਰਿਹਾ ਹੈ। ਇਕ ਪਾਸੇ ਪੁਲਿਸ ਝੁੱਗੀ ਝੌਪੜੀਆਂ ਵਾਲੇ ਕਈ ਲੋਕਾਂ ਨੂੰ ਆਪਣੇ ਨਾਲ ਗੱਡੀਆਂ ’ਚ ਲੈ ਗਈ। ਉੱਥੇ ਰੋਂਦੇ ਕੁਰਲਾਉਂਦਿਆਂ ਪਰਿਵਾਰਿਕ ਮੈਂਬਰਾਂ ਤੇ ਛੋਟੇ ਮਾਸੂਮ ਬੱਚਿਆਂ ਨੇ ਇਸ ਪੀਲੇ ਪੰਜੇ ਦੀ ਕਾਰਵਾਈ ਨੂੰ ਲੈ ਕੇ ਆਪਣੀ ਗੁਹਾਰ ਵੀ ਲਗਾਈ।

—ਗੈਰਕਾਨੂੰਨੀ ਢੰਗ ਨਾਲ ਕੀਤਾ ਹੋਇਆ ਸੀ ਕਬਜ਼ਾ: ਦੂਜੇ ਪਾਸੇ ਮੌਕੇ ਤੇ ਪਹੁੰਚੇ ਤਹਿਸੀਲਦਾਰ ਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਜ਼ਮੀਨ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਹੈ। ਜਿਸ ’ਚ ਕਈ ਵਿਅਕਤੀਆਂ ਵਲੋਂ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਗਿਆ ਸੀ। ਜਿਸ ਨੂੰ ਪ੍ਰਸ਼ਾਸਨ ਵਲੋਂ ਕਾਨੂੰਨੀ ਢੰਗ ਨਾਲ ਨਜਾਇਜ਼ ਕਬਜ਼ਾ ਹਟਾਇਆ ਜਾ ਰਿਹਾ ਹੈ।
—ਨਜਾਇਜ ਕਬਜ਼ਿਆਂ ਖਿਲਾਫ ਪ੍ਰਸ਼ਾਸਨ ਦੀ ਕਾਰਵਾਈ ਦੀ ਸ਼ਲਾਘਾ
ਨਜਾਇਜ ਕਬਜ਼ਿਆਂ ਖਿਲਾਫ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਦੀ ਆਮ ਲੋਕਾਂ ਵਲੋਂ ਭਾਂਵੇ ਸ਼ਲਾਘਾ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਇਕੱਲੀ ਝੁੱਗੀ ਝੌਪੜੀਆਂ ਵਾਲਿਆਂ ਤਕ ਸੀਮਿਤ ਨਾ ਰਹੇ ਬਲਕਿ ਬਜ਼ਾਰਾਂ ’ਚ ਕੀਤੇ ਨਜਾਇਜ ਕਬਜ਼ਿਆਂ ਖਿਲਾਫ ਵੀ ਇੰਨੀ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਜ਼ਾਰਾਂ ’ਚ ਨਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਪੱਖਪਾਤ ਦੀ ਬਜਾਏ ਇਕਜੁਟ ਹੋ ਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕਾਨੂੰਨ ਸਭ ਲਈ ਇਕ ਹੋਵੇ।

About The Author

You may have missed