ਸੜਕ ਹਾਦਸੇ ‘ਚ ਬਜ਼ੁਰਗ ਦੀ ਮੌਤ, ਇਨਸਾਫ਼ ਲਈ ਪਰਿਵਾਰ ਸੜਕਾਂ ‘ਤੇ ਉਤਰੇ

PrimekhabarPunjab Malkit

ਬਠਿੰਡਾ–ਚੰਡੀਗੜ੍ਹ ਹਾਈਵੇ ਜਾਮ, ਪੁਲਿਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਹੰਡਿਆਇਆ-28ਜਨਵਰੀ(ਰਾਕੇਸ਼ ਜੇਠੀ)-ਬੀਤੀ ਸ਼ਾਮ ਆੜੀਸਰ ਰੋਡ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ ਮਾਮਲਾ ਤੂਲ ਫੜ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਹਾਦਸੇ ਦੇ ਦੋਸ਼ੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਦੋਸ਼ੀ ਇੱਕ ਪੁਲਿਸ ਮੁਲਾਜ਼ਮ ਦਾ ਪੁੱਤਰ ਹੈ।
ਇਸ ਗੁੱਸੇ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਬਜ਼ੁਰਗ ਦੀ ਲਾਸ਼ ਨੂੰ ਬਠਿੰਡਾ–ਚੰਡੀਗੜ੍ਹ ਹਾਈਵੇ ਦੇ ਵਿਚਕਾਰ ਰੱਖ ਕੇ ਸੜਕ ਪੂਰੀ ਤਰ੍ਹਾਂ ਜਾਮ ਕਰ ਦਿੱਤੀ ਗਈ। ਲਗਭਗ ਡੇਢ ਘੰਟੇ ਤੱਕ ਸੜਕ ਜਾਮ ਰਹਿਣ ਕਾਰਨ ਦੋਹਾਂ ਪਾਸਿਆਂ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਲੋਕ ਭਾਰੀ ਪਰੇਸ਼ਾਨੀ ਦਾ ਸ਼ਿਕਾਰ ਹੋਏ।
ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਮੌਕੇ ‘ਤੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਰਿਹਾ ਅਤੇ ਲੋਕ ਇਨਸਾਫ਼ ਦੀ ਮੰਗ ‘ਤੇ ਅੜੇ ਰਹੇ।
ਸਥਿਤੀ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਮੌਕੇ ‘ਤੇ ਪਹੁੰਚੇ ਅਤੇ ਬੜੀ ਮੁਸ਼ੱਕਤ ਨਾਲ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਹਾਦਸੇ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਵਿੱਚ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਾਈਵੇ ਤੋਂ ਜਾਮ ਖੋਲ੍ਹਿਆ, ਜਿਸ ਉਪਰੰਤ ਆਵਾਜਾਈ ਹੌਲੀ-ਹੌਲੀ ਨਾਰਮਲ ਹੋ ਸਕੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋਕ ਇਨਸਾਫ਼ ਦੀ ਉਡੀਕ ਕਰ ਰਹੇ ਹਨ।

About The Author

You may have missed