ਪਿੰਡ ਠੀਕਰੀਵਾਲ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਸਬੰਧੀ; ਚਾਚੇ-ਭਤੀਜੇ ਸਣੇ ਤਿੰਨ ਗ੍ਰਿਫ਼ਤਾਰ

ਬਰਨਾਲਾ, 23 ਜਨਵਰੀ (ਰਾਕੇਸ਼ ਜੇਠੀ): ਬਰਨਾਲਾ ਦੇ ਇਤਿਹਾਸਕ ਪਿੰਡ ਠੀਕਰੀਵਾਲਾ ’ਚ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸਾਲਾਨਾ ਬਰਸੀ ਦੌਰਾਨ ਹੋਈ ਬੇਅਦਬੀ ਦੀ ਘਟਨਾ ਨੇ ਪੂਰੇ ਇਲਾਕੇ ’ਚ ਤਣਾਅ ਪੈਦਾ ਕਰ ਦਿੱਤਾ ਸੀ। ਇਸ ਮਾਮਲੇ ’ਚ ਬਰਨਾਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਚੇ-ਭਤੀਜੇ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਤੇ ਪੰਥਕ ਜਥੇਬੰਦੀਆਂ ’ਚ ਭਾਰੀ ਰੋਸ ਸੀ। ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਤੇਜ਼ ਕੀਤੀ। ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ 21 ਜਨਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 18, 19 ਤੇ 20 ਜਨਵਰੀ ਨੂੰ ਕਰਵਾਏ ਗਏ ਬਰਸੀ ਸਮਾਗਮ ਦੌਰਾਨ 19 ਜਨਵਰੀ ਦੀ ਰਾਤ ਨੂੰ ਪਿੰਡ ’ਚ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਗਏ। ਜਾਂਚ ’ਚ ਸਾਹਮਣੇ ਆਇਆ ਕਿ ਜਗਵੀਰ ਸਿੰਘ ਨਿਵਾਸੀ ਠੀਕਰੀਵਾਲਾ ਜੋ ਕਿ ਗੂੰਗਾ-ਬਹਿਰਾ ਹੈ ਤੇ ਉਸ ਦਾ ਰਿਸ਼ਤੇਦਾਰ ਰਣਦੀਪ ਸਿੰਘ ਨਿਵਾਸੀ ਸੁਲਤਾਨਪੁਰ, ਜ਼ਿਲ੍ਹਾ ਸੰਗਰੂਰ ਇਸ ਕਾਰਵਾਈ ’ਚ ਸ਼ਾਮਲ ਸਨ। ਦੋਵਾਂ ਨੇ ਰਾਤ ਕਰੀਬ ਸਾਢੇ 10 ਵਜੇ ਪਿੰਡ ਦੀਆਂ ਗਲੀਆਂ ’ਚ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਤੇ ਕੁਝ ਪਿੰਡ ਵਾਸੀਆਂ ਨੂੰ ਵੀ ਇਹ ਅੰਗ ਦਿੱਤੇ ਤਾਂ ਜੋ ਅਗਲੇ ਦਿਨ ਬਰਸੀ ’ਚ ਆਉਣ ਵਾਲੀਆਂ ਸੰਗਤਾਂ ਦਾ ਗੁੱਸਾ ਭੜਕੇ ਤੇ ਪਿੰਡ ਦਾ ਮਾਹੌਲ ਖ਼ਰਾਬ ਹੋਵੇ।
—ਪੁਲਿਸ ਨੇ ਜਾਂਚ ਤੋਂ ਬਾਅਦ ਇਕੱਠੇ ਕੀਤੇ ਸਬੂਤ
ਡੀਐੱਸਪੀ ਬੈਂਸ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਖੰਗਾਲੀ। ਜਿਸ ’ਚ ਜਗਵੀਰ ਸਿੰਘ ਤੇ ਰਣਦੀਪ ਸਿੰਘ ਗਲੀਆਂ ’ਚ ਗੁਟਕਾ ਸਾਹਿਬ ਦੇ ਅੰਗ ਖਿਲਾਰਦੇ ਹੋਏ ਸਾਫ਼ ਦਿਖਾਈ ਦਿੱਤੇ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੇ ਆਧਾਰ `ਤੇ 23 ਜਨਵਰੀ ਨੂੰ ਕੁਲਦੀਪ ਸਿੰਘ ਨਿਵਾਸੀ ਠੀਕਰੀਵਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਦਾ ਪਿੰਡ ਦੀ ਗੁਰਦੁਆਰਾ ਕਮੇਟੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਆਪਣੇ ਰਿਸ਼ਤੇਦਾਰ ਰਣਦੀਪ ਸਿੰਘ ਨੂੰ ਬਰਸੀ ਵਾਲੇ ਦਿਨ ਬੁਲਾਇਆ ਤੇ ਫਿਰ ਜਗਵੀਰ ਸਿੰਘ ਨੂੰ ਜੋ ਉਸ ਦੀ ਭਾਸ਼ਾ ਸਮਝਦਾ ਸੀ। ਪੂਰੀ ਤਰ੍ਹਾਂ ਟ੍ਰੇਨਿੰਗ ਦੇ ਕੇ ਇਸ ਕਾਰੇ ਨੂੰ ਅੰਜਾਮ ਦੇਣ ਲਈ ਭੇਜਿਆ।
—ਪੁਲਿਸ ਨੇ ਅਦਾਲਤ ’ਚ ਪੇਸ਼ ਕਰਕੇ ਹਾਸਿਲ ਕੀਤਾ ਰਿਮਾਂਡ
ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਗੁਟਕਾ ਸਾਹਿਬ ਦੇ ਅੰਗ ਇਕ ਪ੍ਰਚਾਰਕ ਮੁਫਤ ਸਟਾਲ ਤੋਂ ਪ੍ਰਾਪਤ ਕੀਤੇ ਗਏ ਸਨ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਬਰਨਾਲਾ ਅਦਾਲਤ ’ਚ ਪੇਸ਼ ਕੀਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਜਾਰੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
