ਬਰਨਾਲਾ ਪੁਲਿਸ ਦੀ ਵੱਡੀ ਸਫ਼ਲਤਾ: ਪਾਕਿਸਤਾਨੀ ਆਈਐੱਸਆਈ ਨਾਲ ਜੁੜੇ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼

PrimekhabarPunjab Bnl Police

ਤਿੰਨ ਤਸਕਰ ਕਾਬੂ: 2 ਕਿਲੋ 7 ਗ੍ਰਾਮ ਹੈਰੋਇਨ ਤੇ ਆਸਟ੍ਰੇਲੀਅਨ ਗਲੌਕ ਪਿਸਤੌਲ ਬਰਾਮਦ; ਪਾਕਿਸਤਾਨੀ ਏਜੰਟਾਂ ਨੂੰ ਬੀਐੱਸਐੱਫ ਨਾਕਿਆਂ ਦੀਆਂ ਫੋਟੋਆਂ ਭੇਜਣ ਦਾ ਸਨਸਨੀਖੇਜ਼ ਖੁਲਾਸਾ

ਬਰਨਾਲਾ, 15 ਜਨਵਰੀ (ਰਾਕੇਸ਼ ਜੇਠੀ): ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਤੇ ਨਸ਼ਾ ਤਸਕਰੀ ’ਚ ਸ਼ਾਮਲ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਹੈਰੋਇਨ ਤੇ ਇਕ ਵਿਦੇਸ਼ੀ ਹਥਿਆਰ ਬਰਾਮਦ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬਰਨਾਲਾ ਪੁਲਿਸ ਦੀਆਂ ਟੀਮਾਂ ਵਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਗਗਨਦੀਪ ਸਿੰਘ ਉਰਫ ਗਗਨ ਵਾਸੀ ਹਮੀਦੀ (ਬਰਨਾਲਾ) ਨੂੰ ਬਰਨਾਲਾ-ਫਰਵਾਹੀ ਰੋਡ ਤੋਂ 52 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ। ਮੁੱਢਲੀ ਪੁੱਛਗਿੱਛ ਦੌਰਾਨ ਗਗਨ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀ ਜੱਜੀ ਫਾਜ਼ਿਲਕਾ ਨਾਲ ਮਿਲ ਕੇ ਸਰਹੱਦੋਂ ਪਾਰ ਤੋਂ ਹੈਰੋਇਨ ਮੰਗਵਾ ਕੇ ਵੱਖ-ਵੱਖ ਪਿੰਡਾਂ ’ਚ ਸਪਲਾਈ ਕਰਦਾ ਸੀ। ਗਗਨਦੀਪ ਸਿੰਘ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਪੁਲਿਸ ਨੇ ਰਾਜ ਕਰਨ ਸਿੰਘ ਉਰਫ ਘੋਗਾ ਵਾਸੀ ਚੱਕ ਵਜੀਦਾ (ਫਾਜ਼ਿਲਕਾ) ਤੇ ਸਾਰਜ ਸਿੰਘ ਵਾਸੀ ਹਬੀਬਵਾਲ (ਫਿਰੋਜ਼ਪੁਰ) ਨੂੰ ਵੀ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀਤੇ ਪਿੰਡ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਤੋਂ ਇਕ ਚਿੱਟੇ ਰੰਗ ਦੀ ਥੈਲੀ ਬਰਾਮਦ ਕੀਤੀ ਗਈ। ਜਿਸ ਉੱਪਰ ਉਰਦੂ ਭਾਸ਼ਾ ’ਚ ਕੁਝ ਲਿਖਿਆ ਹੋਇਆ ਸੀ। ਇਸ ਥੈਲੀ ’ਚੋਂ 1 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਪੁਲਿਸ ਨੇ ਇਕ ਆਸਟ੍ਰੇਲੀਆ ਦੀ ਬਣੀ ਗਲੌਕ 9 ਪਿਸਟਲ ਵੀ ਬਰਾਮਦ ਕੀਤੀ ਹੈ। ਤਫਤੀਸ਼ ਤੇ ਇਲੈਕਟ੍ਰਾਨਿਕ ਸਬੂਤਾਂ ਤੋਂ ਇਹ ਸਾਹਮਣੇ ਆਇਆ ਕਿ ਮੁਖ ਮੁਲਜ਼ਮ ਗਗਨਦੀਪ ਸਿੰਘ ਪਹਿਲਾਂ ਫਰੀਦਕੋਟ ਜੇਲ੍ਹ ’ਚ ਬੰਦ ਸੀ। ਉੱਥੇ ਉਸ ਦੀ ਮੁਲਾਕਾਤ ਜੱਜ ਸਿੰਘ ਨਾਮੀ ਵਿਅਕਤੀ ਨਾਲ ਹੋਈ। ਜਿਸ ਨੇ ਗਗਨ ਦੀ ਪਛਾਣ ਸਾਰਜ ਸਿੰਘ ਤੇ ਰਾਜ ਕਰਨ ਨਾਲ ਕਰਵਾਈ। ਇਹ ਦੋਵੇਂ ਮੁਲਜ਼ਮ ਪਹਿਲਾਂ ਹੀ ਪਾਕਿਸਤਾਨੀ ਆਈਐੱਸਆਈ ਏਜੰਟ `ਹਾਜੀ ਦੇ ਸੰਪਰਕ ’ਚ ਸਨ। ਹਾਜੀ ਇਨ੍ਹਾਂ ਮੁਲਜ਼ਮਾਂ ਨਾਲ ਲਗਾਤਾਰ ਰਾਬਤਾ ਰੱਖਦਾ ਸੀ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰਾਂ ਦੀ ਖੇਪ ਸਰਹੱਦ ਪਾਰ ਭੇਜਦਾ ਸੀ।
—ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ: ਜਾਸੂਸੀ ਦਾ ਇਲਜ਼ਾਮ
ਡੀਆਈਜੀ ਚਾਹਲ ਨੇ ਦੱਸਿਆ ਕਿ ਇਹ ਮਾਮਲਾ ਸਿਰਫ਼ ਨਸ਼ਾ ਤਸਕਰੀ ਤਕ ਸੀਮਤ ਨਹੀਂ ਹੈ। ਜਾਂਚ ’ਚ ਇਹ ਵੀ ਪਾਇਆ ਗਿਆ ਹੈ ਕਿ ਸਾਰਜ ਸਿੰਘ ਨੇ ਪੈਸਿਆਂ ਦੇ ਲਾਲਚ ’ਚ ਆ ਕੇ ਪਾਕਿਸਤਾਨੀ ਏਜੰਟਾਂ ਨੂੰ ਬੀਐੱਸਐੱਫ ਦੇ ਨਾਕਿਆਂ ਦੀਆਂ ਫੋਟੋਆਂ ਭੇਜੀਆਂ ਸਨ। ਪਾਕਿਸਤਾਨੀ ਹੈਂਡਲਰ ਇਸ ਨਸ਼ੇ ਦੇ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਭਾਰਤ ’ਚ ਜਾਸੂਸੀ ਕਰਨ, ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਵਧਾਉਣ ਤੇ ਅੱਤਵਾਦ ਨੂੰ ਫੰਡ ਦੇਣ ਲਈ ਕਰਦੇ ਸਨ। ਪੁਲਿਸ ਨੂੰ ਮੁਲਜ਼ਮਾਂ ਦੇ ਮੋਬਾਈਲਾਂ ’ਚੋਂ ਕਈ ਵਿਦੇਸ਼ੀ ਨੰਬਰ ਵੀ ਮਿਲੇ ਹਨ।
—ਅਪਰਾਧਿਕ ਪਿਛੋਕੜ ਤੇ ਅਗਲੀ ਕਾਰਵਾਈ:
ਡੀਆਈਜੀ ਚਾਹਲ ਨੇ ਦੱਸਿਆ ਕਿ ਗਗਨਦੀਪ ਸਿੰਘ ਵਿਰੁੱਧ ਪਹਿਲਾਂ ਹੀ ਬਰਨਾਲਾ, ਸੰਗਰੂਰ ਤੇ ਮਲੇਰਕੋਟਲਾ ਜ਼ਿਲ੍ਹਿਆਂ ’ਚ 4 ਅਪਰਾਧਿਕ ਮਾਮਲੇ ਦਰਜ ਹਨ। ਜਦਕਿ ਸਾਰਜ ਸਿੰਘ ਵਿਰੁੱਧ ਫਾਜ਼ਿਲਕਾ ’ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਡੂੰਘਾਈ ਨਾਲ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
—ਬਾਰਡਰ ਪਾਰ ਤੋਂ ਆਉਂਦਾ ਹੈ ਨਸ਼ਾ:
ਡੀਆਈਜੀ ਚਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗਗਨਦੀਪ ਸਿੰਘ ਨੇ ਮੰਨਿਆ ‘ਹਾਜੀ’ ਇਨ੍ਹਾਂ ਦੋਨਾਂ ਨੂੰ ਡਰੋਨ ਰਾਹੀਂ ਬਾਰਡਰ ਪਾਰ ਪਾਕਿਸਤਾਨ ’ਚੋਂ ਨਸ਼ੀਲਾ ਚਿੱਟਾ (ਹੈਰੋਇਨ) ਭੇਜਦਾ ਸੀ। ਪਾਕਿਸਤਾਨੀ ਆਈਐੱਸਆਈ ਏਜੰਟ ਹਾਜੀ ਵਲੋਂ ਭਾਰਤ ’ਚ ਆਪਣੇ ਜਾਸੂਸਾਂ ਜਿਨ੍ਹਾਂ ਨੂੰ ਉਹ ਵੱਖ-ਵੱਖ ਗਤੀਵਿਧੀਆਂ ਲਈ ਵਰਤਦਾ ਸੀ। ਦੇ ਬੈਂਕ ਖਾਤੇ ਆਪ ਭੇਜ ਕੇ ਗਗਨਦੀਪ ਤੋਂ ਪੈਸੇ ਪਵਾਉਂਦਾ ਸੀ। ‘ਹਾਜੀ’ ਦੇ ਗਗਨਦੀਪ ਸਿੰਘ ਉਕਤ ਦੇ ਹੋਰ ਸਾਥੀਆਂ ਨਾਲ ਸਬੰਧਾਂ ਬਾਰੇ ਵੀ ਗੱਲ ਸਾਹਮਣੇ ਆਈ ਹੈ। ਜੋ ਉਨ੍ਹਾਂ ਤੋਂ ਵੀ ਨਸ਼ੀਲਾ ਚਿੱਟਾ (ਹੈਰੋਇਨ) ਦਾ ਧੰਦਾ ਕਰਵਾ ਕੇ ਪੈਸੇ ਆਪਣੇ ਵਲੋਂ ਦਿੱਤੇ ਬੈਂਕ ਖਾਤਿਆਂ ’ਚ ਪਵਾ ਲੈਂਦਾ ਸੀ। ਜਿਸ ਦਾ ਹੁਣ ਪੁਲਿਸ ਨੇ ਸਾਰਾ ਖਾਤਾ ਖੁਲ੍ਹਵਾ ਲਿਆ ਹੈ ਤੇ ਬੈਂਕ ਡਿਟੇਲ ਕਢਵਾ ਲਈ ਹੈ ਤੇ ਜਲਦ ਹੀ ਇਨ੍ਹਾਂ ਦੇ ਹੋਰ ਸਾਥੀ ਵੀ ਕਾਬੂ ਹੋਣਗੇ।
—ਦੇਸ਼ ਧ੍ਰੋਹ ਦਾ ਮਾਮਲਾ ਦਰਜ, ਜੱਜੀ ਨੂੰ ਲਿਆਂਦਾ ਜਾਵੇਗਾ ਪੋ੍ਰਟਕਸ਼ਨ ਵਰੰਟ ’ਤੇ:
ਮੁਲਜ਼ਮਾਂ ਵਲੋਂ ਸਰਹੰਦੀ ਨਾਕਿਆਂ ਦੀ ਤਸਵੀਰਾਂ ਭੇਜਣ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਕਾਰਨ ਪੁਲਿਸ ਨੇ ਆਪਸ਼ੀਅਲ ਸੀਕਰੇਟ ਐਕਟ ਤੇ ਦੇਸ਼ ਵਿਰੋਧੀ ਸਾਜਿਸ਼ ਤਹਿਤ ਸੰਗੀਨ ਧਰਾਵਾਂ 152 ਬੀਐੱਨਐੱਸ ਦਾ ਵਾਧਾ ਕਰਦਿਆਂ ਮਾਮਲਾ ਦਰਜ ਕੀਤਾ ਹੈ। ਅਉਣ ਵਾਲੇ ਦਿਨ੍ਹਾਂ ’ਚ ਫਰੀਦਕੋਟ ਜੇਲ ਬੰਦ ਜੱਜ ਸਿੰਘ ਉਰਫ ਜੱਜੀ ਨੂੰ ਪੋ੍ਰਟਕਸ਼ਨ ਵਰੰਟ ਉੱਪਰ ਲਿਆਂਦਾ ਜਾਵੇਗਾ ਤੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

About The Author

You may have missed