ਸ.ਸ.ਸ. ਸਕੂਲ ਖੁੱਡੀ ਕਲਾਂ ਵਿਖੇ ਮੈਗਾ ਅਧਿਆਪਕ–ਮਾਪੇ ਮਿਲਣੀ

ਹੰਡਿਆਇਆ-21 ਦਸੰਬਰ (ਰਾਕੇਸ਼ ਜੇਠੀ)-ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਡੀ ਕਲਾਂ ਵਿਖੇ ਮੈਗਾ ਅਧਿਆਪਕ–ਮਾਪੇ ਮਿਲਣੀ ਸਫਲਤਾਪੂਰਵਕ ਕਰਵਾਈ ਗਈ।ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਸ੍ਰੀਮਤੀ ਅਵਿਨਾਸ਼ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਡੀ ਕਲਾਂ ਵਿਖੇ ਅੱਜ ਮਿਤੀ 20 ਦਸੰਬਰ ਨੂੰ ਮੈਗਾ ਅਧਿਆਪਕ–ਮਾਪੇ ਮਿਲਣੀ ਸਫਲਤਾਪੂਰਵਕ ਕਰਵਾਈ ਗਈ। ਇਸ ਮਿਲਣੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ, ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮਾਪਿਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਨਾ ਸੀ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੈਕਚਰਾਰ ਸ੍ਰੀ ਰਾਜੀਵ ਕੁਮਾਰ, ਲੈਕਚਰਾਰ ਸ੍ਰੀਮਤੀ ਨੀਲਮਣੀ ਅਤੇ ਅੰਗਰੇਜ਼ੀ ਵਿਸ਼ੇ ਦੀ ਅਧਿਆਪਿਕਾ ਸ੍ਰੀਮਤੀ ਸ਼ਰਨਜੀਤ ਕੌਰ ਵੱਲੋਂ ਮਾਪਿਆਂ ਨੂੰ ਇਹ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਰੋਜ਼ਾਨਾ ਕੁਆਲਿਟੀ ਸਮਾਂ ਬਿਤਾਉਣ ਤਾਂ ਜੋ ਬੱਚੇ ਬਿਨਾਂ ਕਿਸੇ ਡਰ ਦੇ ਆਪਣੇ ਮਾਤਾ ਪਿਤਾ ਨਾਲ ਖੁੱਲ ਕੇ ਗੱਲਬਾਤ ਕਰ ਸਕਣ ਅਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ। ਉਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚਿਆਂ ਵਿੱਚ ਡਰ ਦੀ ਭਾਵਨਾ ਖਤਮ ਹੁੰਦੀ ਹੈ ਅਤੇ ਆਤਮ- ਵਿਸ਼ਵਾਸ ਦਾ ਵਿਕਾਸ ਹੁੰਦਾ ਹੈ।ਅਧਿਆਪਕਾਂ ਦੁਆਰਾ ਬੱਚਿਆਂ ਦੇ ਮਾਤਾ ਪਿਤਾ ਨਾਲ ਉਹਨਾਂ ਦੀ ਕਾਰਗੁਜ਼ਾਰੀ ਅਤੇ ਪੜ੍ਹਾਈ ਦੇ ਪੱਧਰ ਬਾਰੇ ਗੱਲਬਾਤ ਸਾਂਝੀ ਕੀਤੀ ਗਈ। ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ,ਵਿਵਹਾਰ ਅਤੇ ਮਾਨਸਿਕ ਵਿਕਾਸ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ।

ਇਸ ਦੌਰਾਨ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ, ਉਨ੍ਹਾਂ ਨੂੰ ਗਲਤ ਰਾਹ ’ਤੇ ਜਾਣ ਤੋਂ ਰੋਕਣ, ਪੜ੍ਹਾਈ ਪ੍ਰਤੀ ਗੰਭੀਰ ਬਣਾਉਣ ਅਤੇ ਘਰ ਵਿੱਚ ਅਨੁਕੂਲ ਸਿੱਖਿਆਤਮਕ ਮਾਹੌਲ ਪ੍ਰਦਾਨ ਕਰਨ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਅਧਿਆਪਕਾਂ ਨੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਸਬੰਧੀ ਕਿਸੇ ਵੀ ਸਮੱਸਿਆ ਲਈ ਸਕੂਲ ਵਿੱਚ ਆ ਕੇ ਅਧਿਆਪਕਾਂ ਨਾਲ ਨਿਯਮਿਤ ਸੰਪਰਕ ਬਣਾਈ ਰੱਖਣ, ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਸੀ ਗੱਲਬਾਤ ਨਾਲ ਹੀ ਸੰਭਵ ਹੈ।
ਮਿਲਣੀ ਦੌਰਾਨ ਮਾਪਿਆਂ ਵੱਲੋਂ ਵੱਧ-ਚੜ੍ਹ ਕੇ ਭਾਗ ਲਿਆ ਗਿਆ। ਮਾਪਿਆਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਧਿਆਪਕ–ਮਾਪੇ ਮਿਲਣੀ ਦੌਰਾਨ ਕਰਵਾਈ ਗਈ ਵਰਕਸ਼ਾਪ ਦੀ ਭਰਪੂਰ ਸਲਾਘਾ ਕੀਤੀ।
ਇਸ ਮੌਕੇ ਮਾਪਿਆਂ ਨੂੰ ਸਕੂਲ ਦੀਆਂ ਵੱਖ-ਵੱਖ ਪ੍ਰਾਪਤੀਆਂ ਸਬੰਧੀ ਵੀਡੀਓ ਕਲਿੱਪ ਵੀ ਦਿਖਾਈ ਗਈ। ਇਸ ਤੋਂ ਇਲਾਵਾ ‘ਪ੍ਰੀਖਿਆ ’ਤੇ ਚਰਚਾ’ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ ਲਈ ਅਤੇ ਇੰਗਲਿਸ਼ ਐਜ ਪ੍ਰੋਗਰਾਮ ਸਬੰਧੀ ਵਿਸ਼ੇਸ਼ ਹੈਲਪ ਡੈਸਕ ਲਗਾਇਆ ਗਿਆ ਜਿਸ ਵਿੱਚ ਮਾਪਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਅੰਤ ਵਿੱਚ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ ਨੇ ਸਾਰੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਨਾਲ ਮਿਲ ਕੇ ਬੱਚਿਆਂ ਦੇ ਉਜੱਵਲ ਭਵਿੱਖ ਲਈ ਸਾਰਥਕ ਅਤੇ ਸਕਾਰਾਤਮਕ ਭੂਮਿਕਾ ਨਿਭਾਈ ਜਾਵੇ। ਇਸ ਮੌਕੇ ਐਸਐਮਸੀ ਚੇਅਰਮੈਨ ਸ੍ਰੀ ਗੁਰਤੇਜ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ
ਇਹ ਮੈਗਾ ਅਧਿਆਪਕ–ਮਾਪੇ ਮਿਲਣੀ ਬਹੁਤ ਹੀ ਸਾਰਥਕ, ਲਾਭਕਾਰੀ ਅਤੇ ਸਫਲ ਰਹੀ।

