ਨਾਲੀ ਦਾ ਗੰਦਾ ਪਾਣੀ ਸੜਕ ਤੇ ਫੈਲਾ ਰਿਹਾ ਗੰਦਗੀ….

ਨਗਰ ਪੰਚਾਇਤ ਹੰਡਿਆਇਆ ਅਤੇ ਐਮਸੀ ਸਾਹਿਬਾਨ ਬਣੇ ਮੂਕ ਦਰਸ਼ਕ
ਹੰਡਿਆਇਆ-13ਨਵੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਚਿਕਨ ਗੁਣੀਆਂ ਡੇਂਗੂ ਆਦਿ ਬਿਮਾਰੀਆਂ ਨੇ ਡੇਰਾ ਜਮਾ ਰੱਖਿਆ ਹੈ। ਲਗਭਗ ਹਰੇਕ ਘਰ ਦਾ ਕੋਈ ਨਾ ਕੋਈ ਵਿਅਕਤੀ ਉਪਰੋਕਤ ਬਿਮਾਰੀਆਂ ਦਾ ਮਰੀਜ਼ ਬਣਿਆ ਹੋਇਆ ਹੈ। ਇਹਨਾਂ ਬਿਮਾਰੀਆਂ ਦਾ ਮੁੱਖ ਕਾਰਨ ਗੰਦਗੀ ਅਤੇ ਮੱਛਰ ਹਨ। ਜਿਸ ਕਾਰਨ ਸਰਕਾਰਾਂ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਦਾ ਛਿੜਕਾਓ ਆਦੀ ਕਰਦੀਆਂ ਆ ਰਹੀਆਂ ਹਨ।
ਪ੍ਰੰਤੂ ਹੰਡਿਆਇਆ ਦੀ ਧਾਲੀਵਾਲ ਪੱਤੀ ਵਿਖੇ ਇੱਕ ਨਾਲੀ ਦਾ ਗੰਦਾ ਪਾਣੀ ਹਰ ਰੋਜ਼ ਦੀ ਤਰ੍ਹਾਂ ਸਾਰੀ ਸੜਕ ਤੇ ਗੰਦਗੀ ਫੈਲਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਇੱਕ ਵਿਅਕਤੀ ਵੱਲੋਂ ਨਾਲੀ ਬੰਦ ਕਰਕੇ ਚਾਰ ਇੰਚੀ ਪੈ ਪਾ ਦੇਣਾ ਹੈ, ਜਿਸ ਕਾਰਨ ਇੱਕ-ਦੋ ਦਿਨਾਂ ਬਾਅਦ ਹੀ ਪਾਈਪ ਵਿੱਚ ਬਲੋਕੇਜ ਆ ਜਾਂਦੀ ਹੈ ਅਤੇ ਨਾਲੀ ਦਾ ਸਾਰਾ ਗੰਦਾ ਪਾਣੀ ਸੜਕ ਤੇ ਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਰਾਜੂ ਸ਼ਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਦੁਕਾਨਾਂ ਬਣਾ ਕੇ ਉਹਨਾਂ ਦੇ ਅੱਗੇ 50-60 ਫੁੱਟੀ ਨਾਲੀ ਬੰਦ ਕਰ ਦਿੱਤੀ ਤੇ ਉਸ ਦੀ ਜਗ੍ਹਾ ਚਾਰ ਇੰਚੀ ਪਾਈਪ ਦੱਬ ਦਿੱਤੀ, ਜਿਸ ਕਾਰਨ ਕੁਝ ਸਮੇਂ ਬਾਅਦ ਹੀ ਪਾਈਪ ਵਿੱਚ ਬਲੋਕੇਜ ਆ ਜਾਣ ਕਾਰਨ ਨਾਲੀ ਦਾ ਸਾਰਾ ਗੰਦਾ ਪਾਣੀ ਸੜਕ ਤੇ ਆ ਜਾਂਦਾ ਹੈ ਅਤੇ ਆਸ ਪਾਸ ਗੰਦੀ ਬਦਬੂ ਫੈਲਾ ਦਿੰਦਾ ਹੈ। ਜਿਸ ਕਾਰਨ ਆਸ ਪਾਸ ਰਹਿਣ ਵਾਲਿਆਂ ਦਾ ਜਿਨਾਂ ਦੁੱਬਰ ਹੋਇਆ ਪਿਆ ਹੈ। ਇਸ ਸਮੱਸਿਆ ਸਬੰਧੀ ਕਈ ਵਾਰ ਨਗਰ ਪੰਚਾਇਤ ਹੰਡਿਆਇਆ ਦਫਤਰ ਅਤੇ ਐਮਸੀ ਸਾਹਿਬਾਨਾਂ ਨੂੰ ਵੀ ਦੱਸਿਆ ਗਿਆ ਹੈ ਪ੍ਰੰਤੂ ਉਹਨਾਂ ਵੱਲੋਂ ਕੋਈ ਵੀ ਪੁਖਤਾ ਕਦਮ ਨਹੀਂ ਚੁੱਕੇ ਗਏ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਵੱਛਤਾ ਅਭਿਆਨ ਚਲਾਉਣ ਦਾ ਡਰਾਮਾ ਕਰਦੀ ਹੈ ਤੇ ਦੂਜੇ ਪਾਸੇ ਐਮਸੀ ਤੇ ਉਹਨਾਂ ਦੇ ਮੁਲਾਜ਼ਮ ਗੰਦਗੀ ਫੈਲਾਉਣ ਵਾਲਿਆਂ ਦਾ ਸਾਥ ਦਿੰਦੇ ਹਨ।
ਉਹਨਾਂ ਦੱਸਿਆ ਕਿ ਇਸ ਨਾਲੀ ਦੇ ਗੰਦੇ ਪਾਣੀ ਕਾਰਨ ਸਾਰਾ ਦਿਨ ਆਸ ਪਾਸ ਬਦਬੂ ਮਾਰਦੀ ਰਹਿੰਦੀ ਹੈ ਅਤੇ ਲਗਾਤਾਰ ਲੋਕਾਂ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਇੰਨੇ ਕੁ ਦੁਖੀ ਹੋ ਚੁੱਕੇ ਹਾਂ ਕਿ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਸ ਕੋਲ ਜਾ ਕੇ ਆਪਣੀ ਸਮੱਸਿਆ ਸੁਣਾਈਏ ਕਿਉਂਕਿ ਇਥੋਂ ਦੇ ਐਮਸੀ ਅਤੇ ਨਗਰ ਪੰਚਾਇਤ ਹੰਡਿਆਇਆ ਨੇ ਤਾ ਸਾਡੀ ਗੱਲ ਸੁਣਨੀ ਹੀ ਬੰਦ ਕਰ ਦਿੱਤੀ ਹੈ। ਉਹਨਾਂ ਉੱਚ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੀ ਸਮੱਸਿਆ ਨੂੰ ਸਮਝਦੇ ਹੋਏ ਜਲਦ ਤੋਂ ਜਲਦ ਵਿਅਕਤੀ ਦੁਆਰਾ ਧੱਕੇ ਨਾਲ ਦੱਬੀ ਗਈ ਪਾਈਪ ਕੱਢ ਕੇ ਦੁਬਾਰਾ ਨਵੀਂ ਨਾਲੀ ਬਣਾਈ ਜਾਵੇ ਤਾਂ ਜੋ ਨਾਲੀ ਦੇ ਪਾਣੀ ਦਾ ਸਹੀ ਢੰਗ ਨਾਲ ਨਿਕਾਸ ਹੋ ਸਕੇ ਅਤੇ ਉਨਾਂ ਨੂੰ ਇਸ ਬਦਬੂ ਤੋਂ ਨਿਜਾਤ ਮਿਲੇ ਤੇ ਲੋਕ ਬਿਮਾਰੀਆਂ ਤੋਂ ਬਚ ਸਕਣ।

