ਸਾਇਬਰ ਸੁਰੱਖਿਆ ਤੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਬਰਨਾਲਾ-15ਅਕਤੂਬਰ(ਰਾਕੇਸ਼ ਜੇਠੀ)- ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਅਧੀਨ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ (ਜ਼ਿਲ੍ਹਾ ਬਰਨਾਲਾ) ਵਿੱਚ ਅੱਜ ਇੱਕ ਵਿਸ਼ੇਸ਼ ਸਾਇਬਰ ਸੁਰੱਖਿਆ ਤੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਅਗਵਾਈ ਸੀ.ਆਰ.ਪੀ.ਸੀ. ਇੰਚਾਰਜ ਬਲਵੰਤ ਸਿੰਘ ਅਤੇ ਵੁਮਨ ਸੈੱਲ ਇੰਚਾਰਜ ਗਗਨਦੀਪ ਕੌਰ ਨੇ ਕੀਤੀ।
ਇਸ ਸੈਮੀਨਾਰ ਵਿੱਚ ਹਵਾਲਦਾਰ ਰਮਣਦੀਪ ਕੌਰ (ਸਾਇਬਰ ਸੈੱਲ) ਅਤੇ ਰਿਤੂ ਰਾਣੀ (ਵੁਮਨ ਸੈੱਲ ਬਰਨਾਲਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਸਕੂਲ ਦੇ ਪ੍ਰਿੰਸੀਪਲ ਅਨੀਲ ਕੁਮਾਰ ਅਤੇ ਡਾ. ਜਤਿੰਦਰ ਜੋਸ਼ੀ (ਸਟੂਡੈਂਟ ਪੁਲਿਸ ਕੈਡੇਟ ਨੋਡਲ ਇੰਚਾਰਜ) ਨੇ ਸਮਾਗਮ ਦੀ ਰੂਪਰੇਖਾ ਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੌਰਾਨ ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਨੁੱਖੀ ਸਰੀਰ ਤੇ ਮਨੋਵਿਗਿਆਨਕ ਪ੍ਰਭਾਵ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਰੱਖਣ ਲਈ ਖੇਡਾਂ, ਸੰਗੀਤ ਅਤੇ ਪੜ੍ਹਾਈ ਵਿੱਚ ਰੁਚੀ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ ਗਈ।
ਸਾਇਬਰ ਸੁਰੱਖਿਆ ਸੈਸ਼ਨ ਦੌਰਾਨ ਗਗਨਦੀਪ ਕੌਰ ਅਤੇ ਹਵਾਲਦਾਰ ਰਮਣਦੀਪ ਕੌਰ ਨੇ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਲਈ ਵਿਸਥਾਰਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਕਿਵੇਂ ਸੋਸ਼ਲ ਮੀਡੀਆ ‘ਤੇ ਅਣਜਾਣ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਕਿਸੇ ਵੀ ਅਣਜਾਣ ਲਿੰਕ ਜਾਂ ਐਪ ਨੂੰ ਕਲਿੱਕ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।

ਉਨ੍ਹਾਂ ਨੇ ਸਾਇਬਰ ਬੁਲੀਅਿੰਗ, ਔਨਲਾਈਨ ਫ੍ਰੌਡ, ਫੇਕ ਆਈਡੀ ਬਣਾਉਣਾ, ਅਣਚਾਹੀ ਕਾਲਾਂ ਅਤੇ ਈਮੇਲ ਠੱਗੀ ਜਿਹੀਆਂ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਸਾਇਬਰ ਹੈਲਪਲਾਈਨ ਨੰਬਰ 1930 ਅਤੇ ਨੈਸ਼ਨਲ ਸਾਇਬਰ ਪੋਰਟਲ (cybercrime.gov.in) ਬਾਰੇ ਦੱਸਿਆ ਗਿਆ ਤਾਂ ਜੋ ਕਿਸੇ ਵੀ ਸਾਇਬਰ ਧੋਖੇ ਜਾਂ ਤੰਗ-ਪਰੇਸ਼ਾਨੀ ਦੀ ਸੂਚਨਾ ਸਮੇਂ ‘ਤੇ ਦਿੱਤੀ ਜਾ ਸਕੇ।
ਪੌਕਸੋ ਐਕਟ (POCSO Act) ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਗਗਨਦੀਪ ਕੌਰ ਨੇ ਦੱਸਿਆ ਕਿ ਇਹ ਐਕਟ ਬੱਚਿਆਂ ਨੂੰ ਸੈਕਸੁਅਲ ਹਿੰਸਾ, ਸ਼ੋਸ਼ਣ ਅਤੇ ਅਣਚਾਹੇ ਵਿਹਾਰ ਤੋਂ ਬਚਾਉਂਦਾ ਹੈ ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਹੁੰਦੀ ਹੈ।

ਡਾ. ਜਤਿੰਦਰ ਜੋਸ਼ੀ ਨੇ ਸਟੂਡੈਂਟ ਪੁਲਿਸ ਕੈਡੇਟ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਯੋਜਨਾ ਵਿਦਿਆਰਥੀਆਂ ਵਿੱਚ ਕਾਨੂੰਨ ਪ੍ਰਤੀ ਆਦਰ, ਅਨੁਸ਼ਾਸਨ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਜ ਕੈਂਦਰ ਪੁਲਿਸ ਸੇਵਾਵਾਂ ਬਾਰੇ ਵੀ ਦੱਸਿਆ ਕਿ ਇਹ ਕੈਂਦਰ ਲੋਕਾਂ ਲਈ ਪਾਸਪੋਰਟ ਵੈਰੀਫਿਕੇਸ਼ਨ, ਮੋਬਾਈਲ ਲੋਸਟ ਸ਼ਿਕਾਇਤ, ਪੁਲਿਸ ਵੈਰੀਫਿਕੇਸ਼ਨ ਆਦਿ ਜਿਹੀਆਂ ਸੇਵਾਵਾਂ ਤੇਜ਼ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਦੇ ਹਨ।
ਸਮਾਗਮ ਦੇ ਅੰਤ ‘ਤੇ ਸਕੂਲ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਟੋਕਨ ਆਫ ਰੇਸਪੈਕਟ ਦੇ ਤੌਰ ‘ਤੇ ਤੋਹਫ਼ਾ ਭੇਂਟ ਕੀਤਾ ਗਿਆ। ਸਕੂਲ ਸਟਾਫ ਮੈਂਬਰ ਰਾਜੇਸ਼ ਕੁਮਾਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਕੀਮਤੀ ਜਾਣਕਾਰੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ‘ਤੇ ਵੀਰਪਾਲ ਕੌਰ, ਰਾਸ਼ੀ, ਰਿਸ਼ੁ, ਲਲਿਤਾ ਮਿੱਤਲ, ਮਿਨਕਸੀ ਗਰਗ, ਪਾਇਲ ਗਰਗ ਸਮੇਤ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸੁਰੱਖਿਅਤ ਔਨਲਾਈਨ ਵਰਤਾਰਾ, ਨਸ਼ਿਆਂ ਤੋਂ ਦੂਰੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ।
