ਬਰਨਾਲਾ ਪੁਲਿਸ ਨੇ 48 ਘੰਟਿਆਂ ਵਿੱਚ ਫੜੇ ਚੋਰ ਤੇ ਕਾਤਲ

ਪੁਲਿਸ ਟੀਮ ਨਾਲ ਦੋਸ਼ੀ ਪ੍ਰਦੀਪ ਸਿੰਘ
ਬਰਨਾਲਾ-6ਅਕਤੂਬਰ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਦੋ ਵੱਖ-ਵੱਖ ਵਾਰਦਾਤਾਂ ਨੂੰ ਸੁਲਝਾਉਂਦੇ ਹੋਏ ਇੱਕ ਚੋਰ ਅਤੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਬੀਤੀ ਦਿਨੀ ਗੀਤਾ ਭਵਨ ਦੇ ਕੋਲ ਰਾਕੇਸ਼ ਕੁਮਾਰ ਦੇ ਘਰ ਵਿੱਚ 30 ਤੋਂ 40 ਤੋਲੇ ਸੋਨਾ ਅਤੇ ਨਗਦੀ ਚੋਰੀ ਹੋਏ ਸਨ। ਉਹਨਾਂ ਦੱਸਿਆ ਕਿ ਸੀਆਈਏ ਸਟਾਫ ਦੇ ਇਨਚਾਰਜ ਬਲਜੀਤ ਸਿੰਘ ਤੇ ਸਿਟੀ ਪੁਲਿਸ ਸਟੇਸ਼ਨ ਇੱਕ ਦੇ ਮੁਖੀ ਲਖਵਿੰਦਰ ਸਿੰਘ ਦੀ ਸਾਂਝੀ ਮਿਹਨਤ ਨਾਲ ਪ੍ਰਦੀਪ ਸਿੰਘ ਉਰਫ ਪਿਦੂ ਵਾਸੀ ਧਨੋਲਾ ਖੁਰਦ ਨੂੰ ਗਿਰਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਲਗਭਗ 12 ਤੋਲੇ ਸੋਨਾ ਤੇ 11 ਗ੍ਰਾਮ ਚਾਂਦੀ ਬਰਾਮਦ ਕਰ ਲਈ ਹੈ। ਉਹਨਾਂ ਕਿਹਾ ਕਿ ਦੋਸ਼ੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਹੈ ਕਿ ਹੋਰ ਚੋਰੀ ਕਿਤੇ ਸਮਾਨ ਦੀ ਬਰਾਮਦਗੀ ਜਲਦੀ ਹੋ ਜਾਵੇਗੀ।

ਦੂਜੀ ਵਾਰਦਾਤ ਦੌਰਾਨ ਦੁਸ਼ਹਿਰੇ ਵਾਲੇ ਦਿਨ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਮੁਕਦਮੇ ਨੂੰ ਟਰੇਸ ਕਰਨ ਸਬੰਧੀ ਸੀਆਈਏ ਸਟਾਫ ਬਲਜੀਤ ਸਿੰਘ, ਥਾਣਾ ਸਿਟੀ ਵਨ ਇੰਚਾਰਜ ਲਖਵਿੰਦਰ ਸਿੰਘ, ਥਾਣਾ ਸਿਟੀ ਟੂ ਇੰਚਾਰਜ ਚਰਨਜੀਤ ਸਿੰਘ ਅਤੇ ਮੁੱਖ ਅਫਸਰ ਥਾਣਾ ਸਦਰ ਬਰਨਾਲਾ ਜਗਜੀਤ ਸਿੰਘ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਤੇ ਮੁਕਾਮੀ ਪੁਲਿਸ 48 ਘੰਟਿਆਂ ਦੇ ਅੰਦਰ ਅੰਦਰ ਨਾ ਮਾਲੂਮ ਮੁਕਦਮਾ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ। ਦੋਸ਼ਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਬੀਰਵਲ ਸਿੰਘ, ਬਲਜਿੰਦਰ ਸਿੰਘ ਉਰਫ ਹਰਮਨ ਪੁੱਤਰ ਜਗਤਾਰ ਸਿੰਘ ਦਿਲਪ੍ਰੀਤ ਸਿੰਘ ਉਰਫ ਸੰਜੇ ਪੁੱਤਰ ਅਮਨਦੀਪ ਸਿੰਘ ਵਾਸੀਆਂਣ ਸੇਖਾ ਦੇ ਵਸਨੀਕ ਹਨ।

ਪੁਲਿਸ ਟੀਮ ਨਾਲ ਦੋਸ਼ੀ ਕੁਲਵਿੰਦਰ ਸਿੰਘ ਬਲਜਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ
ਉਹਨਾਂ ਦੱਸਿਆ ਕਿ ਉਪਰੋਕਤ ਦੋਸ਼ੀਆਂ ਦੀ ਹੀਰਾ ਸਿੰਘ ਨਾਲ ਕੋਈ ਦੁਸ਼ਮਣੀ ਨਹੀਂ ਸੀ। ਦੁਸ਼ਹਿਰੇ ਦੇ ਮੇਲੇ ਦੌਰਾਨ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੋ ਗਈ। ਜਿਸ ਵਿੱਚ ਕੁਲਵਿੰਦਰ ਸਿੰਘ ਨੇ ਆਪਣੇ ਖੰਜਰ ਰਾਹੀਂ ਹੀਰਾ ਸਿੰਘ ਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਪ੍ਰੈਸ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹਨਾਂ ਦੁਆਰਾ ਫੈਲਾਈ ਗਈ ਵੀਡੀਓ ਨੂੰ ਦੇਖ ਕੇ ਹੀ ਪਬਲਿਕ ਦੁਆਰਾ ਪੁਲਿਸ ਨੂੰ ਇਨਪੁੱਟ ਪ੍ਰਾਪਤ ਹੋਈਆਂ ਸਨ।
