ਆਈਲਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਵੱਲੋਂ ਚੋਂਦੀਆਂ ਛੱਤਾਂ ਦੀ ਰੋਕਥਾਮ ਲਈ ਲੋੜਵੰਦਾਂ ਨੂੰ ਵੰਡੀਆਂ ਤਰਪਾਲਾਂ

ਆਪ ਦੇ ਟਰੇਡ ਵਿੰਗ ਦੇ ਕੋਆਰਡੀਨੇਟਰ ਸੰਦੀਪ ਜਿੰਦਲ ਨੋਨੀ ਨੇ ਪਾਇਆ ਵਿਸ਼ੇਸ਼ ਯੋਗਦਾਨ
ਬਰਨਾਲਾ, 3 ਸਤੰਬਰ (ਰਾਕੇਸ਼ ਜੇਠੀ)-ਬੀਤੇ ਕਈ ਦਿਨਾਂ ਤੋਂ ਮੀਂਹ ਪੈਣ ਅਤੇ ਹੜ੍ਹ ਆਉਣ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ, ਡੰਗਰਾਂ ਅਤੇ ਵਪਾਰੀਆਂ ਦੇ ਵਪਾਰ ਦਾ ਵਿਆਪਕ ਪੱਧਰ ਤੇ ਨੁਕਸਾਨ ਹੋਇਆ ਹੈ, ਉੱਥੇ ਅਨੇਕਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਅਤੇ ਅਣਗਿਣਤ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਲਗਾਤਾਰ ਮੀਂਹ ਪੈਣ ਨਾਲ ਚੋਣ ਲੱਗ ਪਈਆਂ । ਚੋਂਦੀਆਂ ਛੱਤਾਂ ਦੀ ਰੋਕਥਾਮ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਤਰਪਾਲਾਂ ਦੀ ਲੋੜ ਪਈ, ਜਿਸ ਕਾਰਨ ਬਾਜ਼ਾਰਾਂ ਚ ਤ੍ਰਿਪਾਲਾਂ ਦੀ ਘਾਟ ਪੈਦਾ ਹੋ ਗਈ ਤਾਂ ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਨੇ ਆਪਣੇ ਪੱਧਰ ਤੇ ਯਤਨ ਕਰਕੇ ਲੋੜਵੰਦ ਲੋਕਾਂ ਨੂੰ ਲਗਭਗ 105 ਤਰਪਾਲਾਂ ਵੰਡੀਆਂ। ਇਸ ਮੌਕੇ ਕੁਲਵਿੰਦਰ ਸਿੰਘ ਬਿੱਟੂ ਪ੍ਰਧਾਨ, ਹਰਸ਼ਦੀਪ ਸਿੰਘ, ਬਰਿੰਦਰ ਸਿੰਘ,ਚੇਤਨ ਸਿੰਗਲਾ, ਗੁਰਦੀਪ ਸਿੰਘ, ਅਰਸ਼ਦੀਪ ਸਿੰਘ, ਵਿਕਾਸ ਭੰਡਾਰੀ, ਵਰਿੰਦਰ ਭੰਡਾਰੀ ਅਤੇ ਅਖਿਲ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਛੱਤਾਂ ਤੇ ਤਰਪਾਲਾਂ ਪਾਉਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਅਤੇ ਪਾਣੀ ਟਪਕਣਾ ਬੰਦ ਹੋ ਗਿਆ। ਲੋਕ ਭਲਾਈ ਦੇ ਇਸ ਨੇਕ ਕੰਮ ਚ ਆਪ ਦੇ ਟਰੇਡ ਵਿੰਗ ਕੋਆਰਡੀਨੇਟਰ ਬਰਨਾਲਾ ਸੰਦੀਪ ਜਿੰਦਲ ਨੋਨੀ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਇਲਾਕੇ ਦੀਆਂ ਅਨੇਕਾਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਪ੍ਰੋਗਰੈਸਵ ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ਿਲ੍ਹਾ ਬਰਨਾਲਾ, ਆਸਰਾ ਸੋਸ਼ਲ ਵੈੱਲਫੇਅਰ ਕਲੱਬ ਬਰਨਾਲਾ ਨੇ ਆਈਲਟਸ ਅਤੇ ਇਮੀਗਰੇਸ਼ਨ ਐਸੋਸੀਏਸ਼ਨ ਵੱਲੋਂ ਕੀਤੇ ਇਸ ਲੋਕ ਭਲਾਈ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਚੰਗੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
