ਮਕਾਨ ਦੀ ਛੱਤ ਡਿੱਗਣ ਨਾਲ ਹੋਈ ਔਰਤ ਦੀ ਮੌਤ….

ਤਪਾ ਮੰਡੀ-26ਅਗਸਤ (ਰਾਕੇਸ਼ ਜੇਠੀ)-ਤਪਾ ਮੰਡੀ ਵਿਖੇ ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੋਨੀਆ ਪਤਨੀ ਸੋਨੂ ਵਾਸੀ ਪਿਆਰਾ ਲਾਲ ਬਸਤੀ ਤਪਾ ਜੋ ਬੀਤੀ ਸ਼ਾਮ ਆਪਣੇ ਘਰ ਵਿਖੇ ਰੋਜ਼ਾਨਾ ਦੀ ਤਰ੍ਹਾਂ ਘਰ ਦਾ ਕੰਮ ਕਾਰ ਕਰ ਰਹੀ ਸੀ ਤਾਂ ਅਚਾਨਕ ਘਰ ਦੀ ਛੱਤ ਡਿੱਗ ਪਈ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਆਸ ਪਾਸ ਦੇ ਗੁਆਢੀਆਂ ਨੇ ਤੁਰੰਤ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਮੋਰਚਰੀ ਹਾਊਸ ਵਿੱਚ ਭਿਜਵਾ ਦਿੱਤਾ। ਇਕੱਠੇ ਹੋਏ ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਬਣਦਾ ਢੁਕਵਾ ਮੁਆਵਜਾ ਦਿੱਤਾ ਜਾਵੇ। ਦੱਸ ਦਈਏ ਕਿ ਮ੍ਰਿਤਕ ਔਰਤ ਆਪਣੇ ਪਿੱਛੇ ਪਤੀ ਅਤੇ ਬੇਟੇ ਰਤਨ, ਜੋ ਕਿ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ, ਨੂੰ ਛੱਡ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਸਮੁੱਚੀ ਬਸਤੀ ‘ਚ ਸ਼ੋਕ ਦੀ ਲਹਿਰ ਦੌੜ ਗਈ।

About The Author

You may have missed