ਮੀਂਹ ਦੇ ਪਾਣੀ ਵਿੱਚ ਨਹਾਉਂਦੇ 10 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਹੋਈ ਮੌਤ…..

ਮ੍ਰਿਤਕ ਬੱਚੇ ਦੀ ਫੋਟੋ
ਤਪਾ ਮੰਡੀ-25 ਅਗਸਤ (ਰਾਕੇਸ਼ ਜੇਠੀ)- ਤਪਾ ਮੰਡੀ ਵਿਖੇ 10 ਸਾਲਾ ਬੱਚੇ ਦੀ ਮੀਂਹ ਦੇ ਪਾਣੀ ਵਿੱਚ ਨਹਾਉਂਦਿਆਂ ਦੀ ਕਰੰਟ ਲੱਗ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿਛਲੀ ਰਾਤ ਤੋਂ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਸਾਰਾ ਸ਼ਹਿਰ ਜਲ ਮਗਨ ਸੀ। ਮ੍ਰਿਤਕ ਬੱਚਾ ਦੇਵਜੀਤ ਪੁੱਤਰ ਇੰਦਰਜੀਤ ਵਾਸੀ ਪਿਆਰਾ ਲਾਲ ਬਸਤੀ ਤਪਾ ਆਪਣੇ ਹੋਰ ਸਾਥੀਆਂ ਨਾਲ ਮੀਂਹ ਦਾ ਆਨੰਦ ਲੈ ਰਿਹਾ ਸੀ। ਜਦੋਂ ਉਹ ਸਦਰ ਬਾਜ਼ਾਰ ਵਿੱਚ ਲੱਗੇ ਮੁੱਖ ਗੇੜ ਦੇ ਨਜ਼ਦੀਕ ਪੁੱਜਾ ਤਾਂ ਉਸਦਾ ਹੱਥ ਲੋਹੇ ਦੇ ਗੇਟ ਨੂੰ ਲੱਗ ਗਿਆ, ਜਿਸ ਤੋਂ ਉਸਨੂੰ ਜ਼ਬਰਦਸਤ ਕਰੰਟ ਲੱਗਾ। ਉਸ ਦੀ ਹਾਲਤ ਨੂੰ ਦੇਖ ਕੇ ਨਾਲ ਦੇ ਬੱਚਿਆਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਜਿਨਾਂ ਦਾ ਸ਼ੋਰ ਸੁਣ ਕੇ ਨਜ਼ਦੀਕੀ ਦੁਕਾਨਦਾਰ ਇਕੱਠੇ ਹੋ ਗਏ ਅਤੇ ਉਹਨਾਂ ਬੱਚੇ ਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕਰਵਾ ਦਿੱਤਾ ਪ੍ਰੰਤੂ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਜਦੋਂ ਇਸ ਸਬੰਧੀ ਸੂਚਨਾ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੂੰ ਪਹੁੰਚੀ ਤਾਂ ਉਹ ਹਸਪਤਾਲ ਪਹੁੰਚ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਅਤੇ ਬਿਜਲੀ ਮਹਿਕਮੇ ਦੇ ਮੁਲਾਜ਼ਮ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
