ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ, ਖੁੱਡੀ ਰੋਡ ਤੇ ਵਿਅਕਤੀ ਨੂੰ ਬੇਹੋਸ਼ ਕਰਕੇ ਕੀਤੀ ਚੋਰੀ…

ਹੰਡਿਆਇਆ -21ਅਗੱਸਤ(ਰਾਕੇਸ਼ ਜੇਠੀ)- ਤੜਕੇ ਸਵੇਰ ਮੂੰਹ ਹਨੇਰੇ ਦੋ ਚੋਰਾਂ ਵੱਲੋਂ ਵਿਅਕਤੀ ਨੂੰ ਬੇਹੋਸ਼ ਕਰ ਮੋਬਾਇਲ ਤੇ ਪੈਸੇ ਖੋ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਬਲਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਖੁੱਡੀ-ਬਰਨਾਲਾ ਰੋਡ ਤੇ ਆਪਣੀ ਮੋਟਰਸਾਈਕਲ ਰਿਪੇਅਰ ਵਰਕਸ਼ਾਪ ਤੇ ਸਰਵਿਸ ਸਟੇਸ਼ਨ ਵਿੱਚ ਸੁੱਤਾ ਪਿਆ ਸੀ ਕਿ ਅਚਾਨਕ ਸਵੇਰ 3:30 ਵਜੇ ਦੇ ਕਰੀਬ ਉਸ ਨੂੰ ਕੁਝ ਖੁਸਰ ਫੁਸਰ ਦੀ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸ ਨੇ ਉੱਠ ਕੇ ਆਸ ਪਾਸ ਦੇਖਿਆ ਤਾਂ ਦੋ ਵਿਅਕਤੀ ਜਿਨਾਂ ਨੇ ਮੂੰਹ ਢਕੇ ਹੋਏ ਸਨ, ਨੇ ਉਸ ਉਪਰ ਹਮਲਾ ਕਰ ਦਿੱਤਾ। ਉਹਨਾਂ ਨੇ ਹੱਥੋਪਾਈ ਕਰਦੇ ਹੋਏ ਉਸ ਨੂੰ ਕੋਈ ਚੀਜ਼ ਸੁੰਘਾ ਦਿੱਤੀ। ਜਿਸ ਕਾਰਨ ਉਹ ਮੌਕੇ ਤੇ ਹੀ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਉਪੋ ਮੋਬਾਈਲ ਅਤੇ 10000 ਨਕਦੀ ਚੋਰੀ ਕਰ ਲਏ ਗਏ ਸਨ । ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਸ਼ਿਕਾਇਤ ਪੁਲਿਸ ਚੌਂਕੀ ਹੰਡਿਆਇਆ ਵਿਖੇ ਦਰਜ ਕਰਵਾ ਦਿੱਤੀ ਗਈ ਹੈ।
ਚੋਰੀ ਦੀ ਇਸ ਘਟਨਾ ਨਾਲ ਆਸ ਪਾਸ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ।ਇਸ ਬਾਰੇ ਗੱਲਬਾਤ ਕਰਦਿਆਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਕਰਮਜੀਤ ਸਿੰਘ ਨੇ ਕਿਹਾ ਕਿ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
