ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿਖੇ ਡੇਂਗੂ ਅਤੇ ਮੁਢਲੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ

ਬਰਨਾਲਾ-03ਜੁਲਾਈ- ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਜਨਤਕ ਸਿਹਤ ਸੰਬੰਧੀ ਜਾਗਰੂਕਤਾ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ (ਜ਼ਿਲ੍ਹਾ ਬਰਨਾਲਾ) ਵਿੱਚ ਡੇਂਗੂ ਅਤੇ ਮੁਢਲੀ ਸਹਾਇਤਾ (ਫਰਸਟ ਏਡ) ਵਿਸ਼ਿਆਂ ਤੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸਿਹਤ ਵਿਭਾਗ ਪੰਜਾਬ ਵੱਲੋਂ ਸ਼੍ਰੀ ਹਰਜਿੰਦਰ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਅਤੇ ਸ਼੍ਰੀ ਬਲਵਿੰਦਰ ਰਾਮ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਮੋਦੀ ਨੇ ਸੈਮੀਨਾਰ ਦੀ ਅਗਵਾਈ ਕੀਤੀ ਅਤੇ ਵਿਭਾਗੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਐਸੇ ਸਮਾਗਮ ਵਿਦਿਆਰਥੀਆਂ ਵਿੱਚ ਜ਼ਿੰਦਗੀ ਦੇ ਵਾਸਤੇ ਲਾਜ਼ਮੀ ਸਿੱਖਿਆ ਪਹੁੰਚਾਉਂਦੇ ਹਨ।
ਸ਼੍ਰੀ ਹਰਜਿੰਦਰ ਸਿੰਘ ਨੇ ਡੇਂਗੂ ਬੀਮਾਰੀ ਦੇ ਲੱਛਣ, ਕਾਰਨ, ਰੋਕਥਾਮ ਅਤੇ ਵਰਤਣ ਯੋਗ ਘਰੇਲੂ ਉਪਚਾਰਾਂ ਬਾਰੇ ਸਧਾਰਨ ਭਾਸ਼ਾ ਵਿੱਚ ਵਿਦਿਆਰਥੀਆਂ ਨੂੰ ਅਗਾਹ ਕੀਤਾ। ਸ਼੍ਰੀ ਬਲਵਿੰਦਰ ਰਾਮ ਨੇ ਵਿਦਿਆਰਥੀਆਂ ਨੂੰ ਪਹਿਲੀ ਮਦਦ ਦੇ ਤਰੀਕਿਆਂ, ਸੜਕ ਹਾਦਸਿਆਂ ਜਾਂ ਹੋਰ ਆਕਸਮੀਕ ਘਟਨਾਵਾਂ ਵਿੱਚ ਕਿਵੇਂ ਤੁਰੰਤ ਮਦਦ ਕੀਤੀ ਜਾਵੇ, ਇਸ ਬਾਰੇ ਪ੍ਰਯੋਗਿਕ ਜਾਣਕਾਰੀ ਦਿੱਤੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਵਿਦਿਆਰਥੀ ਪੁਲਿਸ ਕੈਡਟਾਂ (ਐਸ.ਪੀ.ਸੀ.) ਨੇ ਉਤਸ਼ਾਹ ਨਾਲ ਭਰਪੂਰ ਭਾਗ ਲਿਆ। ਇਨ੍ਹਾਂ ਵਿਦਿਆਰਥੀਆਂ ਨੇ ਸਿਰਫ਼ ਜਾਣਕਾਰੀ ਨਹੀਂ ਲਈ ਬਲਕਿ ਉਸ ਜਾਣਕਾਰੀ ਨੂੰ ਜਿੰਦਗੀ ਵਿੱਚ ਵਰਤਣ ਦੀ ਕਸਮ ਲਈ। ਡਾ. ਜਤਿੰਦਰ ਜੋਸ਼ੀ (ਐਸ.ਪੀ.ਸੀ. ਨੋਡਲ ਇੰਚਾਰਜ), ਨੇ ਵੀ ਬੱਚਿਆ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਾਇਲ ਗਰਗ, ਪੂਨਮ ਸ਼ਰਮਾ, ਸ਼੍ਰੀ ਹਰਪ੍ਰੀਤ ਸਿੰਘ, ਵੀਰਪਾਲ ਕੌਰ, ਰਾਸ਼ੀ, ਅਮਨਦੀਪ ਕੌਰ, ਗਗਨਦੀਪ ਕੌਰ, ਸ਼੍ਰੀ ਬਲਵੀਰ ਸਿੰਘ, ਸ਼੍ਰੀ ਜਸਮੇਲ ਸਿੰਘ, ਸੁਸ਼ਰੀ ਮਨਪ੍ਰੀਤ ਕੌਰ, ਲੈਕ ਯੁਵਰਾਜ, ਲੈਕ: ਰਮਨਦੀਪ ਕੌਰ, ਲੈਕ: ਮਨਜੀਤ ਕੌਰ, ਅਤੇ ਸ਼੍ਰੀ ਤਿਲਕ ਰਾਮ ਹਾਜਰ ਸਨ।
ਇਸ ਜਾਗਰੂਕਤਾ ਸਮਾਗਮ ਰਾਹੀਂ ਵਿਦਿਆਰਥੀਆਂ ਨੇ ਨਾ ਸਿਰਫ਼ ਸਿਹਤ ਸੰਬੰਧੀ ਮੁੱਲਵਾਨ ਜਾਣਕਾਰੀ ਪ੍ਰਾਪਤ ਕੀਤੀ, ਸਗੋਂ ਸਮਾਜ ਵਿੱਚ ਜਿੰਮੇਵਾਰ ਨਾਗਰਿਕ ਵਜੋਂ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਨਾ ਲੱਭੀ।