ਬਰਨਾਲਾ ਦੇ ਹਰੀਗੜ੍ਹ ਵਿਖੇ ਸ਼ੱਕੀ ਹਲਾਤਾਂ ‘ਚ ਵਿਆਹੁਤਾ ਦੀ ਮੌਤ

ਮ੍ਰਿਤਕ ਸੁਖਜਿੰਦਰ ਕੌਰ ਦੀ ਫਾਈਲ ਫੋਟੋ
ਬਰਨਾਲਾ-03ਜੁਲਾਈ- ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਵਿੱਚ ਸ਼ੱਕੀ ਹਲਾਤਾਂ ਵਿੱਚ ਇੱਕ ਵਿਆਹੁਤਾ ਔਰਤ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪੇਕਾ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਉੱਪਰ ਮਹਿਲਾ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਪੇਕੇ ਪਰਿਵਾਰ ਨੇ ਕਿਹਾ ਕਿ 2014 ਵਿੱਚ ਉਨ੍ਹਾਂ ਦੀ ਲੜਕੀ ਦਾ ਵਿਆਹ ਹੋਇਆ ਸੀ, ਉਸ ਦਾ ਸਹੁਰਾ ਪਰਿਵਾਰ ਲਗਾਤਾਰ ਲੜਕੀ ਦੀ ਕੁੱਟਮਾਰ ਕਰਦਾ ਆ ਰਿਹਾ ਸੀ। ਉਸ ਨੂੰ ਦਾਜ ਲਿਆਉਣ ਲਈ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਹੁਣ ਉਸ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸਹੁਰਾ ਪਰਿਵਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਪੇਕੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ।
ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਉੱਤੇ ਲਗਾਏ ਇਲਜ਼ਾਮ
ਮ੍ਰਿਤਕਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ, ‘ਉਨ੍ਹਾਂ ਦੀ ਬੇਟੀ ਦਾ ਵਿਆਹ 2014 ਵਿੱਚ ਹੋਇਆ ਸੀ ਜਿਸ ਨੂੰ ਅੱਜ 11 ਸਾਲ ਹੋ ਚੁੱਕੇ ਹਨ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦੋਨੋਂ ਪਤੀ-ਪਤਨੀ ਵਿੱਚ ਝਗੜਾ ਸ਼ੁਰੂ ਹੋਣ ਲੱਗ ਪਿਆ ਸੀ। ਕੁਝ ਸਮਾਂ ਪਹਿਲਾਂ ਸੱਸ, ਸਹੁਰਾ ਅਤੇ ਦਿਓਰ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਕੁੱਟ ਕੇ ਪੇਕੇ ਘਰ ਭੇਜ ਦਿੱਤਾ ਗਿਆ ਸੀ। ਅੱਠ ਮਹੀਨਿਆਂ ਬਾਅਦ ਫਿਰ ਪੰਚਾਇਤਾਂ ਰਾਹੀਂ ਬੇਟੀ ਨੂੰ ਵਾਪਸ ਉਸ ਦੇ ਸਹੁਰੇ ਘਰ ਭੇਜ ਦਿੱਤਾ ਗਿਆ ਸੀ।’
ਸਾਨੂੰ ਸਹੁਰੇ ਪਰਿਵਾਰ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਤੁਸੀਂ ਜਲਦੀ ਇੱਥੇ ਆ ਜਾਓ। ਸਾਡੇ ਪੁੱਛਣ ‘ਤੇ ਉਨ੍ਹਾਂ ਨੇ ਦੱਸਿਆ ਕਿ ਰਾਜੂ (ਮ੍ਰਿਤਕ ਮਹਿਲਾ) ਸਾਡੇ ਨਾਲ ਗੁੱਸੇ ਹੋ ਕੇ ਅੰਦਰ ਕਮਰੇ ਵਿੱਚ ਬੈਠੀ ਹੈ ਅਤੇ ਸਾਡੇ ਨਾਲ ਲੜਾਈ-ਝਗੜਾ ਕਰੀ ਜਾ ਰਹੀ ਹੈ। ਫਿਰ ਬਾਅਦ ਵਿੱਚ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਨੇ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ ਹਨ। ਇਹ ਗੋਲੀਆਂ ਉਸ ਨੂੰ ਧੱਕੇ ਨਾਲ ਖਵਾਈਆਂ ਗਈਆਂ ਹਨ। ਕੁਝ ਦਿਨ ਪਹਿਲਾਂ ਵੀ ਸੱਸ, ਸਹੁਰੇ ਵੱਲੋਂ ਬੇਟੀ ਨਾਲ ਲੜਾਈ ਕੀਤੀ ਗਈ ਹੈ। ਮ੍ਰਿਤਕ ਬੇਟੀ ਦੇ ਦੋ ਬੱਚੇ ਹਨ ਇੱਕ ਮੁੰਡਾ 11 ਸਾਲ ਦਾ ਅਤੇ ਕੁੜੀ ਇੱਕ ਸਾਲ ਦੀ ਹੈ।”
ਮ੍ਰਿਤਕਾ ਦੇ ਮਾਮੇ ਨੇ ਕਿਹਾ ਕਿ, ‘ਮ੍ਰਿਤਕ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਨਾ ਲਿਆਉਣ ਪਿੱਛੇ ਤੰਗ ਪਰੇਸ਼ਾਨ ਕਰਦਾ ਸੀ। ਦਾਜ ਦੇ ਲੋਭੀਆਂ ਨੇ ਲੜਕੀ ਨੂੰ ਜਹਰੀਲੀ ਚੀਜ਼ ਦੇ ਕੇ ਮਾਰ ਦਿੱਤਾ ਹੈ। ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਸਮਝੌਤਾ ਕਰਨ ਲਈ ਕਿਹਾ ਗਿਆ ਹੈ ਪਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇ। ਲੜਕੀ ਦੇ ਸਹੁਰਾ, ਸੱਸ ਅਤੇ ਦਿਓਰ ਨੂੰ ਕਾਬੂ ਕੀਤਾ ਜਾਵੇ ਅਤੇ ਮ੍ਰਿਤਕਾ ਨੂੰ ਇਨਸਾਫ ਦਿੱਤਾ ਜਾਵੇ। ਪਹਿਲਾਂ ਵੀ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਦਾਜ ਨਾ ਲਿਆਉਣਾ ਪਿੱਛੇ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।’
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਇਸ ਮਾਮਲੇ ਦੇ ਸਬੰਧ ਵਿੱਚ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ, ‘ਕੱਲ੍ਹ ਸ਼ਾਮ ਜਾਣਕਾਰੀ ਮਿਲੀ ਸੀ ਕਿ ਮ੍ਰਿਤਕ ਕੁੜੀ ਸੁਖਜਿੰਦਰ ਕੌਰ ਵਾਸੀ ਪਿੰਡ ਬੇਨੜਾ ਨਾਲ ਸਬੰਧਿਤ ਸੀ, ਜਿਸ ਦਾ ਵਿਆਹ ਪਿੰਡ ਹਰੀਗੜ੍ਹ ਵਿੱਚ ਹੋਇਆ ਸੀ। ਲੜਕੀ ਦੀ ਮੌਤ ਸਲਫਾਸ ਖਾ ਕੇ ਹੋਈ ਹੈ। ਪੇਕੇ ਪਰਿਵਾਰ ਦੇ ਦੱਸਣ ਮੁਤਾਬਿਕ ਲੜਕੀ ਦੀ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਮੌਕੇ ਉੱਪਰ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਮ੍ਰਿਤਕਾ ਦੀ ਲਾਸ਼ ਬਰਨਾਲਾ ਦੀ ਮੋਰਚਰੀ ਘਰ ਵਿੱਚ ਰੱਖੀ ਗਈ ਹੈ। ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਦੀ ਫਿਲਹਾਲ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਪੇਕੇ ਪਰਿਵਾਰ ਦੇ ਬਿਆਨਾਂ ਉੱਪਰ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
