ਨਿਹੰਗਾਂ ਦੀ ਗੁੰਡਾਗਰਦੀ! ਵਪਾਰੀ ਅਤੇ ਪੁਲਿਸ ਅਧਿਕਾਰੀ ‘ਤੇ ਕੀਤਾ ਤਲਵਾਰਾਂ ਨਾਲ ਹਮਲਾ- 7 ਨਿਹੰਗ ਗ੍ਰਿਫਤਾਰ

ਨਵੀਂ ਦਿੱਲੀ –02ਜੁਲਾਈ- ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਏ ਨਿਹੰਗ ਸਿੰਘਾਂ ਅਤੇ ਇੱਕ ਸਥਾਨਕ ਵਪਾਰੀ ਵਿਚਕਾਰ ਸਕੂਟਰ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਲੈ ਲਿਆ। ਜਦੋਂ ਇੱਕ ਪੁਲਿਸ ਅਧਿਕਾਰੀ ਝਗੜੇ ਦੌਰਾਨ ਦਖਲ ਦੇਣ ਲਈ ਪਹੁੰਚਿਆ ਤਾਂ ਉਸ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨਿਹੰਗਾਂ ਨੇ ਵਪਾਰੀ ‘ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵਾਲ-ਵਾਲ ਬਚ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਗਈ, ਪਰ ਉਦੋਂ ਤੱਕ ਮੁਲਜ਼ਮ ਭੱਜ ਚੁੱਕੇ ਸਨ। ਬਾਅਦ ਵਿੱਚ ਜਦੋਂ ਪੁਲਿਸ ਨੇ ਨਿਹੰਗਾਂ ਨੂੰ ਥਾਣੇ ਨੇੜੇ ਰੋਕਿਆ ਤਾਂ ਵੱਡੀ ਗਿਣਤੀ ਵਿੱਚ ਸਥਾਨਕ ਵਪਾਰੀ ਵੀ ਉੱਥੇ ਪਹੁੰਚ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ 7 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਬਿੰਦਰ ਸਿੰਘ, ਗਰਜਾ ਸਿੰਘ, ਹਰਜੋਤ ਸਿੰਘ ਅਤੇ ਭੋਲਾ ਸਿੰਘ ਵਜੋਂ ਹੋਈ ਹੈ। ਇਹ ਸਾਰੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਨੇ ਉਨ੍ਹਾਂ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।