ਮਹਿਲ ਕਲਾਂ ਵਿੱਚ ਲੱਗਿਆ ਅਸੈਸਮੈਂਟ ਕੈਂਪ

ਮਹਿਲ ਕਲਾਂ, 5 ਦਸੰਬਰ (ਹਿਮਾਂਸ਼ੂ ਗੋਇਲ/ਬਲਵਿੰਦਰ ਅਜ਼ਾਦ)-ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਸੀ ਐਚ ਸੀ ਮਹਿਲ ਕਲਾਂ ਵਿਖੇ ਅਲਿਮਕੋ ਕੰਪਨੀ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਜਾਂ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਬਲਾਕ ਪੱਧਰੀ ਅਸੈਸਮੈਂਟ ਕੈਂਪ ਲਗਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਡਾ. ਤੇਅਵਾਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਦਿਵਿਆਂਗ ਵਿਅਕਤੀਆਂ ਦੀ ਅਸੈਸਮੈਂਟ ਕੀਤੀ ਗਈ। ਉਨਾਂ ਦੱਸਿਆ ਕਿ ਅਸੈਸਮੈਂਟ ਮਗਰੋਂ ਨਕਲੀ ਅੰਗ ਜਾਂ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਵੱਖਰੇ ਤੌਰ ‘ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਭਲਕੇ ਤਪਾ ਵਿੱਚ ਲੱਗਣ ਵਾਲੇ ਕੈਂਪ ਲਈ ਵੱਧ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਲਾਭ ਲੈਣ ਲਈ ਅਪੀਲ ਕੀਤੀ।
ਇਸ ਮੌਕੇ ਐੱਸ ਐੱਮ ਓ ਡਾ.ਗੁਰਤੇਜਿੰਦਰ ਕੌਰ ਅਤੇ ਸਟਾਫ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।ਇਸ ਮੌਕੇ ਅਲਿਮਕੋ ਕੰਪਨੀ ਤੋਂ ਕੈਂਪ ਇੰਚਾਰਜ ਗੌਤਮ ਪਾਂਡੇ ਤੇ ਟੀਮ, ਸੀਡੀਪੀਓ ਹਰਮੀਤ ਕੌਰ ਤੇ ਦਫਤਰੀ ਸਟਾਫ, ਬੀਈਈ ਸ਼ਿਵਾਨੀ, ਐਲ ਐਚ ਵੀ ਬਲਵਿੰਦਰ ਕੌਰ, ਸੀ ਐਚ ਓ ਸੁਖਦੀਪ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।