ਜਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਪਤੀ-ਪਤਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

ਬਰਨਾਲਾ, 29 ਨਵੰਬਰ (ਰਾਕੇਸ਼ ਜੇਠੀ) : ਸਮਰਾਲਾ ਪੁਲਿਸ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਦੇ ਇਕ ਵਿਆਹੁਤਾ ਜੋੜੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਤਿੰਨ ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਸਬੰਧੀ ਜਾਣਾਕਰੀ ਦਿੰਦਿਆਂ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਮਰਾਲਾ ਦੇ ਨੇੜਲੇ ਪਿੰਡ ਮੁਸ਼ਕਾਬਾਦ ਦੇ ਵਸਨੀਕ ਅਰਮਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇਣ ਵਾਲੇ ਪਤੀ-ਪਤਨੀ ਖਿਲਾਫ ਧਾਰਾ 406, 420, 120ਬੀ ਭਾਰਤੀ ਦੰਡਾਵਲੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਰਮਿੰਦਰ ਸਿੰਘ ਪੁੱਤਰ ਬਲਵਿੰਦਰ ਵਾਸੀ ਮੁਸ਼ਕਾਬਾਦ ਨੇ ਬਿਆਨ ਦਰਜ ਕਰਾਏ ਕਿ ਅਮਰਿੰਦਰ ਸਿੰਘ ਵਾਸੀ ਸੰਧੂ ਕਲਾਂ (ਬਰਨਾਲਾ) ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਵਾਸੀ ਮਾਛੀਵਾੜਾ ਸਾਹਿਬ ਨੇ ਉਸ ਨੂੰ 6 ਮਹੀਨੇ ਦੇ ਅੰਦਰ-ਅੰਦਰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਅਤੇ ਖੁਦ ਵੱਲੋਂ ਹਲਫੀਆ ਬਿਆਨ ਦੇ ਕੇ ਜੂਨ 2023 ਵਿੱਚ ਉਨ੍ਹਾਂ ਕੋਲੋਂ ਤਿੰਨ ਲੱਖ ਰੁਪਏ ਵਸੂਲ ਕਰ ਲਏ। ਪਰ ਅਜੇ ਤੱਕ ਉਸ ਨੂੰ ਕੈਨੇਡਾ ਨਹੀਂ ਭੇਜਿਆ। ਜਦੋਂ ਉਨ੍ਹਾਂ ਵਾਰ-ਵਾਰ ਉਕਤ ਪਤੀ-ਪਤਨੀ ਨੂੰ ਕੈਨੇਡਾ ਭੇਜਣ ਸਬੰਧੀ ਪੁੱਛਿਆ ਗਿਆ ਤਾਂ ਉਹ ਪਹਿਲਾਂ ਤਾਂ ਲਾਰੇ ਲਗਾਉਂਦੇ ਰਹੇ, ਫਿਰ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਉਕਤ ਏਜੰਟ ਪਤੀ-ਪਤਨੀ ਨੇ ਕੋਈ ਥਾਂ ਸਿਰਾ ਨਾ ਫੜ੍ਹਾਇਆ ਤਾਂ ਅਗਸਤ 2024 ਨੂੰ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਖੰਨਾ ਵਿਖੇ ਦਰਖਾਸਤ ਦਿੱਤੀ। ਇਸ ‘ਤੇ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਲਏ। ਇਨ੍ਹਾਂ ਬਿਆਨਾਂ ਵਿਚ ਕਿਰਨਦੀਪ ਕੌਰ ਨੇ ਲਿਖਾਇਆ ਕਿ ਉਸ ਦੀ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਅਣਬਣ ਹੋ ਗਈ ਹੈ, ਇਸ ਸਬੰਧੀ ਮੈਂ ਆਪਣੇ ਪਤੀ ਅਮਰਿੰਦਰ ਸਿੰਘ ਵਿਰੁੱਧ ਸਿਵਲ ਕੇਸ ਕੀਤਾ ਹੋਇਆ। ਇਨ੍ਹਾਂ ਨੇ ਕੈਨੇਡਾ ਜਾਣ ਲਈ ਜੋ ਪੈਸੇ ਪਾਏ ਸਨ। ਉਹ ਉਸ ਦੇ ਪਤੀ ਦੇ ਖਾਤੇ ਵਿਚ ਪਾਏ ਸਨ। ਉਹ ਦਰਖਾਸਤਕਾਰ ਨੂੰ ਆਪਣੇ ਪਤੀ ਕੋਲ ਲਿਜਾ ਕੇ ਪੈਸੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੇਗੀ। ਇਸ ਤਹਿਤ ਪੁਲਿਸ ਨੇ ਤਫਤੀਸ਼ ਪਿੱਛੋਂ ਪਤੀ-ਪਤਨੀ ਖਿਲਾਫ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।