ਹੰਡਿਆਇਆ ਪੁਲਿਸ ਨੇ ਚੋਰੀ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ ਕਾਬੂ ਕੀਤੇ, ਚੋਰੀ ਦੀ ਕਣਕ, ਮੋਟਰਸਾਈਕਲ ਅਤੇ ਮੋਟਰਾਂ ਦੀਆਂ ਕੇਬਲ ਤਾਰਾਂ ਬਰਾਮਦ

PrimekhabarPunjab Crime

ਹੰਡਿਆਇਆ, 06ਅਗਸਤ(ਰਾਕੇਸ਼ ਜੇਠੀ): ਪੁਲਿਸ ਚੌਂਕੀ ਹੰਡਿਆਇਆ ਦੀ ਟੀਮ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਕਣਕ, ਦੋ ਮੋਟਰਸਾਈਕਲ ਅਤੇ ਖੇਤਾਂ ਵਿੱਚੋਂ ਚੋਰੀ ਕੀਤੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਲਿੰਕ ਰੋਡ ਕੋਠੇ ਸਰਾਂ, ਹੰਡਿਆਇਆ ਵਿਖੇ ਸਥਿਤ ਖੇਤਾਂ ਵਿੱਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਸਬੰਧੀ ਖੇਤ ਮਾਲਕ ਗੁਰਜੰਟ ਸਿੰਘ, ਗੁਲਾਬ ਸਿੰਘ ਅਤੇ ਜਸਵੀਰ ਸਿੰਘ, ਵਾਸੀ ਹੰਡਿਆਇਆ, ਵੱਲੋਂ ਪੁਲਿਸ ਕੋਲ ਮੁਕੱਦਮਾ ਦਰਜ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸੇ ਇਲਾਕੇ ਵਿੱਚ ਪਨਗ੍ਰੇਨ ਕੇਂਦਰ ਬਰਨਾਲਾ ਵੱਲੋਂ ਅਰੋੜਾ ਰਾਈਸ ਐਂਡ ਜਨਰਲ ਮਿਲਜ਼ ਨੂੰ ਕਿਰਾਏ ‘ਤੇ ਗੋਦਾਮ ਵਜੋਂ ਲੈ ਕੇ ਸਰਕਾਰੀ ਕਣਕ ਸਟੋਰ ਕੀਤੀ ਗਈ ਸੀ। ਗੋਦਾਮ ਦੇ ਇੰਸਪੈਕਟਰ ਪ੍ਰੀਤਮਹਿੰਦਰ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਗੋਦਾਮ ਦੇ ਪਿਛਲੇ ਪਾਸੇ ਰੱਖੀ ਕਣਕ ਵਿੱਚੋਂ ਕਈ ਗੱਟੇ ਗਾਇਬ ਹਨ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਚੌਂਕੀ ਹੰਡਿਆਇਆ ਵਿਖੇ ਵੱਖਰਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਖੁਸ਼ਪ੍ਰੀਤ ਸਿੰਘ ਉਰਫ਼ ਬੱਬੂ, ਮਨਦੀਪ, ਰਾਜਵੀਰ ਸਿੰਘ ਉਰਫ਼ ਬਬਲੂ ਅਤੇ ਉਨ੍ਹਾਂ ਦੇ ਸਾਥੀ ਸਰਬਜੀਤ ਸਿੰਘ ਉਰਫ਼ ਚੀਮਾ, ਪੁੱਤਰ ਜਗਰਾਜ ਸਿੰਘ, ਵਾਸੀ ਸੇਖਾ ਰੋਡ, ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ।
ਪੁੱਛਗਿੱਛ ਦੌਰਾਨ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੇ ਦੋ ਕਣਕ ਦੇ ਗੱਟੇ, ਸਿਟੀ-100 ਮੋਟਰਸਾਈਕਲ (ਨੰਬਰ PB10FK-2773) ਅਤੇ ਐਚਐਫ ਡੀਲਕਸ ਮੋਟਰਸਾਈਕਲ (ਨੰਬਰ PB45A-7682) ਬਰਾਮਦ ਕੀਤੇ ਗਏ। ਪੁਲਿਸ ਅਨੁਸਾਰ ਸਿਟੀ-100 ਮੋਟਰਸਾਈਕਲ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਦੇ ਨੇੜੇ ਤੋਂ ਚੋਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਖੇਤਾਂ ਵਿੱਚੋਂ ਚੋਰੀ ਕੀਤੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 153 ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਹੋਰ ਕਿਸੇ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਰਹੇ ਹਨ ਜਾਂ ਨਹੀਂ।
ਇਸ ਮੌਕੇ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਦੇ ਨਾਲ ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਹੌਲਦਾਰ ਸੁਰਜੀਤ ਸਿੰਘ, ਸਿਪਾਹੀ ਗੁਰਮੀਤ ਸਿੰਘ ਅਤੇ ਸਿਪਾਹੀ ਲਵਜੀਤ ਸਿੰਘ ਵੀ ਹਾਜ਼ਰ ਸਨ।

About The Author