‘ਪੁਲਿਸ ਨੂੰ ਗੁੰਡੇ ਬਣਾ ਕੇ ਰੱਖ ਦਿੱਤਾ’, ਬਰਨਾਲਾ ‘ਚ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਦਾ ਦੋਸ਼

PrimeKhabarPunjab Dhillon

ਬਰਨਾਲਾ, 29 ਮਈ (ਰਾਕੇਸ਼ ਜੇਠੀ): ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਨਗਰ ਨਿਗਮ ਚੋਣਾਂ ‘ਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਬਰਨਾਲਾ ਦੇ ਐਸਡੀ ਕਾਲਜ ‘ਚ ਵੋਟਾਂ ਦੀ ਕਾਊਂਟਿੰਗ ਸੈਂਟਰ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ ਇਕ ਖ਼ਾਸੀਅਤ ਰਹੀ ਹੈ ਕਿ ਇੱਥੇ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਆਗੂ ਜਾਂ ਵਰਕਰ ਹੋਵੇ, ਸਾਰਿਆਂ ਵਿਚ ਆਪਸੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਰਹੀ ਹੈ। ਪਰ ਪੁਲਿਸ ਅਧਿਕਾਰੀਆਂ ਦੀ ਵਰਤੋਂ ਕਰ ਕੇ ਅਜਿਹੀ ਗੁੰਡਾਗਰਦੀ ਤੇ ਬਦਮਾਸ਼ੀ ਕਰਵਾਉਣੀ ਅਤੇ ਪੁਲਿਸ ਨੂੰ ਗੁੰਡੇ ਬਣਾ ਦੇਣਾ, ਇਹ ਜ਼ਿੰਦਗੀ ‘ਚ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਵਾਰਡਬੰਦੀ ਤੋਂ ਲੈ ਕੇ ਅੱਜ ਤਕ ਲੋਕਾਂ ਦੇ ਮਨਾਂ ‘ਚ ਇਹੀ ਡਰ ਬਣਿਆ ਹੋਇਆ ਹੈ ਸੱਤਾਧਾਰੀ ਉੱਥੇ ਧੱਕੇਸ਼ਾਹੀ ਕਰਨਗੇ। ਕਿਉਂਕਿ ਇਹ ਚੋਣਾਂ ਬਹੁਤ ਛੋਟੀਆਂ ਹਨ, ਜਿੱਥੇ ਇਕ ਵਾਰਡ ‘ਚ ਲਗਪਗ 1500 ਤੋਂ 1800 ਵੋਟਾਂ ਹਨ ਅਤੇ ਉਨ੍ਹਾਂ ਵਿੱਚੋਂ ਵੀ ਸਿਰਫ਼ 1000-1200 ਵੋਟਾਂ ਹੀ ਪੋਲ ਹੋਈਆਂ ਹਨ।ਇੱਥੇ ਹਾਰ-ਜਿੱਤ ਦਾ ਫ਼ਰਕ ਬਹੁਤ ਘੱਟ ਯਾਨੀ ਮਹਿਜ਼ 10-20 ਵੋਟਾਂ ਦਾ ਹੋਣਾ ਹੈ। ਇਸ ਲਈ ਵਿਰੋਧੀ ਉਮੀਦਵਾਰਾਂ ਦੀਆਂ ਵੋਟਾਂ ਰੱਦ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਧੱਕੇਸ਼ਾਹੀ ਕੀਤੇ ਜਾਣ ਦਾ ਖ਼ਦਸ਼ਾ ਅੱਜ ਵੀ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਵਾਰਡ ਨੰਬਰ 38 ਤੋਂ ਭਾਜਪਾ ਦੇ ਇਕ ਨੌਜਵਾਨ ਉਮੀਦਵਾਰ ਦੀ ਮਾਤਾ, ਉਸ ਦੀ ਭੈਣ ਅਤੇ ਜੀਜੇ ਨੂੰ ਪੁਲਿਸ ਬੇਇੱਜ਼ਤ ਕਰ ਕੇ ਥਾਣੇ ਚੁੱਕ ਕੇ ਲੈ ਗਈ। ਜਦੋਂ ਇਕ ਸੇਵਾਮੁਕਤ ਪੁਲਿਸ ਅਧਿਕਾਰੀ (ਜੋ ਉਮੀਦਵਾਰ ਦਾ ਪਿਤਾ ਹੈ) ਆਪਣੇ ਬੱਚਿਆਂ ਦੀ ਖ਼ਾਤਰ ਥਾਣੇ ਗਿਆ, ਤਾਂ ਉੱਥੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ। ਲੋਕ ਇਨ੍ਹਾਂ ਕਰਤੂਤਾਂ ਦਾ ਸਬਕ ਜ਼ਰੂਰ ਸਿਖਾਉਣਗੇ। ਕਾਲਾ ਢਿੱਲੋਂ ਨੇ ਕਿਹਾ ਕਿ ਇਸ ਪੂਰੀ ਚੋਣ ਪ੍ਰਕਿਰਿਆ ‘ਚ ਪੁਲਿਸ ਅਤੇ ਇੱਥੋਂ ਦੇ ਸੱਤਾਧਾਰੀ ਲੋਕਾਂ—ਜੋ ਰਾਜਨੀਤੀ ‘ਚ ‘ਬਦਲਾਅ’ ਦੀ ਗੱਲ ਕਰ ਕੇ ਸੱਤਾ ‘ਚ ਆਏ ਸਨ ਅਤੇ ਜਿਨ੍ਹਾਂ ਤੋਂ ਲੋਕਾਂ ਨੂੰ ਇਕ ਨਵੀਂ ਆਸ ਤੇ ਉਮੀਦ ਸੀ, ਨੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਬੇਇੱਜ਼ਤ ਕੀਤਾ ਹੈ। ਇਹ ਸਿਰਫ਼ ਕਿਸੇ ਇਕ ਉਮੀਦਵਾਰ ਦੇ ਪਿਤਾ ਦੀ ਗੱਲ ਨਹੀਂ ਹੈ, ਜੇਕਰ ਕਿਸੇ 70 ਸਾਲ ਦੇ ਬਜ਼ੁਰਗ ਬਾਪ ਨੂੰ ਥਾਣੇ ਵਿੱਚ ਬੇਇੱਜ਼ਤ ਕੀਤਾ ਗਿਆ ਹੈ, ਤਾਂ ਉਹ ਸਾਡੇ ਸਾਰਿਆਂ ਦੇ ਬਾਪ ਦੀ ਬੇਇੱਜ਼ਤੀ ਹੈ। ਅਸੀਂ ਇਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਦੇ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਆਰ-ਪਾਰ ਦੀ ਲੜਾਈ ਲੜਾਂਗੇ।

About The Author

You may have missed