ਅਕਾਲੀ ਦਲ ਦੇ ਜੇਤੂ ਉਮੀਦਵਾਰ ’ਤੇ ਹਾਰੇ ਉਮੀਦਵਾਰ ਦੀ ਪਤਨੀ ’ਤੇ ਗੱਡੀ ਚੜ੍ਹਾਉਣ ਦਾ ਦੋਸ਼; ਹਾਲਤ ਗੰਭੀਰ

PrimekhabarPunjab Tapa

ਤਪਾ ਮੰਡੀ, 29 ਮਈ (ਰਾਕੇਸ਼ ਜੇਠੀ): ਤਪਾ ਮੰਡੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਗਰਮਾ ਗਿਆ। ਜਦੋਂ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਤੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ ਰਾਜੂ ਖਾਨ ਦੀ ਪਤਨੀ ਉੱਪਰ ਗੱਡੀ ਚੜ੍ਹਾਉਣ ਦੇ ਦੋਸ਼ ਲੱਗੇ। ਅਕਾਲੀ ਉਮੀਦਵਾਰ ਦੇ ਸਮਰਥਕਾਂ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਕਥਿਤ ਤੌਰ ’ਤੇ ਜਾਣਬੱਝ ਕੇ ਮਾਹੌਲ ਖ਼ਰਾਬ ਕੀਤਾ ਗਿਆ। ਦੋਸ਼ ਹੈ ਕਿ ਹਾਰੇ ਹੋਏ ਉਮੀਦਵਾਰ ਦੇ ਘਰ ਕੋਲ ਗੱਡੀ ਲਿਜਾ ਕੇ ਉਨ੍ਹਾਂ ਦੀ ਪਤਨੀ ਰਾਣੀ ਦੇ ਉੱਪਰ ਸਕਾਰਪੀਓ ਗੱਡੀ ਚੜ੍ਹਾ ਦਿੱਤੀ ਗਈ ਤੇ ਉਨ੍ਹਾਂ ਨੂੰ ਕਾਫ਼ੀ ਦੂਰ ਤਕ ਗੱਡੀ ਨਾਲ ਘੜੀਸਿਆ ਗਿਆ। ਇਸ ਹਾਦਸੇ ’ਚ ਜ਼ਖ਼ਮੀ ਰਾਣੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਤਪਾ ਮੰਡੀ ਤੋਂ ਬਰਨਾਲਾ ਦੇ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ ਹੈ।

ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਾਥੀਆਂ ਨੇ ਜਾਣਬੁਝ ਕੇ ਮੁਹੱਲੇ ’ਚ ਆ ਕੇ ਮਾਹੌਲ ਖ਼ਰਾਬ ਕੀਤਾ। ਲੋਕਾਂ ਮੁਤਾਬਕ ਉੱਥੇ ਮੌਜੂਦ ਔਰਤ ਤਾਂ ਜ਼ਖ਼ਮੀ ਹੋਈ ਹੀ। ਪਰ ਜੇਕਰ ਬਚਾਅ ਨਾ ਹੁੰਦਾ ਤਾਂ ਗਲੀ ’ਚ ਜਾ ਰਹੇ ਛੋਟੇ ਬੱਚਿਆਂ ਉੱਪਰ ਵੀ ਗੱਡੀ ਚੜ੍ਹ ਸਕਦੀ ਸੀ। ਇਸ ਘਟਨਾ ਤੋਂ ਗੁੱਸੇ ’ਚ ਆਏ ਲੋਕਾਂ ਨੇ ਸਕਾਰਪੀਓ ਗੱਡੀ ਦੀ ਭੰਨ-ਤੋੜ ਕਰ ਦਿੱਤੀ। ਚੋਣ ਹਾਰੇ ਆਜ਼ਾਦ ਉਮੀਦਵਾਰ ਤੇ ਜ਼ਖ਼ਮੀ ਔਰਤ ਦੇ ਪਤੀ ਨਾਜ਼ਮ ਹੁਸੈਨ ਰਾਜੂ ਖਾਨ ਨੇ ਜੇਤੂ ਅਕਾਲੀ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਤੇ ਹਮਲਾਵਰਾਂ ਦੀ ਗੱਡੀ ’ਚੋਂ ਵੱਡੀ ਮਾਤਰਾਚ ਲੋਹੇ ਦੀਆਂ ਰਾਡਾਂ ਤੇ ਪਟਾਕੇ ਵੀ ਮਿਲੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ।

About The Author

You may have missed