ਦੋ ਮੋਟਰਸਾਈਕਲਾਂ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ, 4 ਨੌਜਵਾਨ ਗੰਭੀਰ ਜਖਮੀ

ਬਰਨਾਲਾ- 6ਅਪ੍ਰੈਲ (ਰਾਕੇਸ਼ ਜੇਠੀ)-ਨੇੜੇ ਗੁਰੂ ਘਰ ਬਾਬਾ ਫੌਜਾ ਸਿੰਘ, ਨਵੀਂ ਦਾਣਾ ਮੰਡੀ ਕੋੜ ਦੂਨਾ ਵਿਖੇ ਅੱਜ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਮੋਟਰਸਾਈਕਲਾਂ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਸੜਕ ਸੁਰੱਖਿਆ ਫੋਰਸ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਟ ਨੰਬਰ 8837 ‘ਤੇ ਇੱਕ ਰਾਹਗੀਰ ਵੱਲੋਂ ਹਾਦਸੇ ਦੀ ਸੂਚਨਾ ਮਿਲਣ ‘ਤੇ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਮੌਕੇ ਦੇ ਗਵਾਹਾਂ ਅਨੁਸਾਰ ਦੋ ਮੋਟਰਸਾਈਕਲ (PB07BC4699 ਅਤੇ PB13DW1376), ਜੋ ਧਨੌਲਾ ਤੋਂ ਮੱਤੀ ਵੱਲ ਆ ਰਹੇ ਸਨ, ਇੱਕ ਅੱਗੇ ਜਾ ਰਹੀ ਮਾਰਕਾ ਸਵਰਾਜ ਟਰੈਕਟਰ-ਟਰਾਲੀ ਨਾਲ ਟਕਰਾ ਗਏ। ਟਰੈਕਟਰ ਚਾਲਕ ਮਨਜਿੰਦਰ ਸਿੰਘ ਵਾਸੀ ਬਦਰਾ ਨੇ ਬਿਨਾਂ ਧਿਆਨ ਦਿੱਤੇ ਅਚਾਨਕ ਸੱਜੇ ਪਾਸੇ ਮੋੜ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਸ ਹਾਦਸੇ ਵਿੱਚ ਜੰਗ ਬਹਾਦਰ, ਗੁਰਵੀਰ ਸਿੰਘ, ਗੁਰਪਿਆਰ ਸਿੰਘ ਅਤੇ ਜਸਕਰਨ ਸਿੰਘ (ਸਾਰੇ ਵਾਸੀ ਭਠਲਾਂ) ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਸੜਕ ਸੁਰੱਖਿਆ ਟੀਮ ਵੱਲੋਂ ਮੌਕੇ ‘ਤੇ ਮੁਢਲੀ ਸਹਾਇਤਾ ਦੇ ਕੇ ਲੋਕਾਂ ਦੀ ਮਦਦ ਨਾਲ ਸਰਕਾਰੀ ਵਾਹਨ ਰਾਹੀਂ ਸਿਵਲ ਹਸਪਤਾਲ ਧਨੌਲਾ ਵਿੱਚ ਦਾਖਲ ਕਰਵਾਇਆ ਗਿਆ।ਡਾਕਟਰਾਂ ਦੇ ਅਨੁਸਾਰ ਜੰਗ ਬਹਾਦਰ, ਗੁਰਵੀਰ ਸਿੰਘ ਅਤੇ ਗੁਰਪਿਆਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਪਤਾ ਲੱਗਾ ਹੈ ਕਿ ਸਾਰੇ ਜਖਮੀ ਨੌਜਵਾਨ ਫੁੱਟਬਾਲ ਖਿਡਾਰੀ ਹਨ ਅਤੇ ਪਿੰਡ ਗੁੜਥੀ ਵਿੱਚ ਹੋ ਰਹੇ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਸਿਵਲ ਹਸਪਤਾਲ ਧਨੌਲਾ ਪਹੁੰਚ ਗਏ।
ਸੜਕ ਸੁਰੱਖਿਆ ਟੀਮ ਵੱਲੋਂ ਹਾਦਸੇ ਤੋਂ ਬਾਅਦ ਸੜਕ ‘ਤੇ ਪਏ ਵਾਹਨਾਂ ਨੂੰ ਸਾਈਡ ‘ਤੇ ਕਰਕੇ ਟਰੈਫਿਕ ਨੂੰ ਮੁੜ ਸੁਚਾਰੂ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਥਾਣਾ ਧਨੌਲਾ ਨੂੰ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਇਸ ਮੌਕੇ ਏਐਸਆਈ ਅਮਰੀਕ ਸਿੰਘ ਦੇ ਨਾਲ ਲੇਡੀ ਕਾਂਸਟੇਬਲ ਵੀਰਪਾਲ ਕੌਰ ਅਤੇ ਲੇਡੀ ਕਾਂਸਟੇਬਲ ਜਸ਼ਨਦੀਪ ਕੌਰ ਵੀ ਮੌਜੂਦ ਸਨ।
