ਨਗਰ ਨਿਗਮ ਬਰਨਾਲਾ ਦਫ਼ਤਰ ਅੱਗੇ ਠੇਕੇਦਾਰਾਂ ਦਾ ਹੱਲਾ ਬੋਲ; ਬੋਲੇ, ਪਹਿਲਾਂ 40 ਕਰੋੜ ਦੀ ਅਦਾਇਗੀ ਦਾ ਪਿਛਲਾ ਹਿਸਾਬ ਕਰੋ, ਫੇਰ ਕਰਾਂਗੇ ਨਵਾਂ ਕੰਮ

PrimeKhabarPunjab Barnala

ਬਰਨਾਲਾ, 23 ਫਰਵਰੀ (ਰਾਕੇਸ਼ ਜੇਠੀ): ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਜਿੱਥੇ ਸ਼ਹਿਰ ਦੇ ਵਿਕਾਸ ਦੀਆਂ ਉਮੀਦਾਂ ਜਾਗੀਆਂ ਸਨ। ਉੱਥੇ ਹੀ ਹੁਣ ਵਿਕਾਸ ਕਾਰਜ ਕਰਨ ਵਾਲੇ ਠੇਕੇਦਾਰਾਂ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਵਧਦਾ ਨਜ਼ਰ ਆ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਲਗਭਗ 40 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਦੇ ਰੋਸ ਵਜੋਂ ਸਮੂਹ ਠੇਕੇਦਾਰਾਂ ਨੇ ਮਜ਼ਦੂਰਾਂ ਸਣੇ ਨਗਰ ਨਿਗਮ ਦਫ਼ਤਰ ਦੇ ਮੁਖ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਠੇਕੇਦਾਰ ਅਮਨਦੀਪ ਸਿੰਘ ਵਿੱਕੀ ਤੇ ਬਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਬਰਨਾਲਾ ’ਚ ਨਗਰ ਕੌਂਸਲ ਸੀ। ਉਸ ਸਮੇਂ ਉਨ੍ਹਾਂ ਨੇ ਸ਼ਹਿਰ ਦੇ ਅਹਿਮ ਵਿਕਾਸ ਪ੍ਰੋਜੈਕਟਾਂ ਨੂੰ ਦਿਨ-ਰਾਤ ਇੱਕ ਕਰਕੇ ਮੁਕੰਮਲ ਕੀਤਾ ਸੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਨਗਰ ਨਿਗਮ ਬਣੇ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਪਰ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਉਨ੍ਹਾਂ ਦੇ ਕੀਤੇ ਕੰਮਾਂ ਦੀ ਅਦਾਇਗੀ ਅਜੇ ਤਕ ਲਟਕ ਰਹੀ ਹੈ। ਠੇਕੇਦਾਰਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਭੁਗਤਾਨ ਨਾ ਹੋਣ ਕਾਰਨ ਉਹ ਗੰਭੀਰ ਆਰਥਿਕ ਸੰਕਟ ’ਚ ਫਸ ਗਏ ਹਨ। ਉਨ੍ਹਾਂ ਕਿਹਾ ਸਾਨੂੰ ਮਜ਼ਦੂਰਾਂ ਦੀ ਦਿਹਾੜੀ ਦੇਣੀ ਔਖੀ ਹੋਈ ਪਈ ਹੈ ਤੇ ਮਟੀਰੀਅਲ ਸਪਲਾਈ ਕਰਨ ਵਾਲੇ ਵਪਾਰੀ ਵੀ ਹੁਣ ਉਧਾਰ ਦੇਣ ਤੋਂ ਮਨ੍ਹਾਂ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟੇ ਗਏ। ਪਰ ਹਰ ਵਾਰ ਮਹਿਜ਼ ਖੋਖਲੇ ਭਰੋਸੇ ਦੇ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਪ੍ਰਦਰਸ਼ਨਕਾਰੀ ਠੇਕੇਦਾਰਾਂ ਨੇ ਸਪੱਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ 40 ਕਰੋੜ ਰੁਪਏ ਦੀ ਪੂਰੀ ਬਕਾਇਆ ਰਾਸ਼ੀ ਉਨ੍ਹਾਂ ਦੇ ਖਾਤਿਆਂ ’ਚ ਨਹੀਂ ਪਹੁੰਚਦੀ। ਉਦੋਂ ਤਕ ਬਰਨਾਲਾ ਸ਼ਹਿਰ ’ਚ ਕੋਈ ਵੀ ਨਵਾਂ ਵਿਕਾਸ ਕਾਰਜ ਸ਼ੁਰੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਮਸਲਾ ਹੱਲ ਨਾ ਹੋਇਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਇਸ ਰੋਸ ਪ੍ਰਦਰਸ਼ਨ ’ਚ ਸ਼ਿਵ ਕੁਮਾਰ, ਅਮਨਦੀਪ ਵਿੱਕੀ, ਬੀਰਬਲ ਦਾਸ, ਸ਼ੀਤਲ, ਜਰਨੈਲ ਸਿੰਘ, ਕਾਲਾ ਧਨੌਲਾ, ਡਿੰਪਲ, ਮਲਕੀਤ ਸਿੰਘ, ਵਰਿੰਦਰ, ਦਿਨੇਸ਼ ਸਿੰਗਲਾ, ਸਾਹਿਲ ਬਾਂਸਲ, ਅਰਸ਼ਦੀਪ ਮਿੱਤਲ ਸਣੇ ਵੱਡੀ ਗਿਣਤੀ ’ਚ ਠੇਕੇਦਾਰ ਤੇ ਮਜ਼ਦੂਰ ਹਾਜ਼ਰ ਸਨ।

About The Author

You may have missed