ਬਰਨਾਲਾ ਪੁਲਿਸ ਦਾ ਗੈਂਗਸਟਰਾਂ ਖ਼ਿਲਾਫ਼ ਮਿਸ਼ਨ ਪ੍ਰਹਾਰ ਜਾਰੀ: 43 ਸ਼ੱਕੀ ਵਿਅਕਤੀ ਕਾਬੂ ਤੇ ਤਿੰਨ 32 ਬੋਰ ਦੇ ਪਿਸਤੌਲ ਬਰਾਮਦ: ਐੱਸਐੱਸਪੀ ਆਲਮ

PrimekhabarPunjab SSP

ਗੈਂਗਸਟਰਵਾਦ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹਰ ਵਿਅਕਤੀ ਨੂੰ ਕੀਤਾ ਜਾਵੇਗਾ ਕਾਬੂ

ਬਰਨਾਲਾ -21ਜਨਵਰੀ(ਰਾਕੇਸ਼ ਜੇਠੀ)- ਸੂਬੇ ’ਚ ਪੰਜਾਬ ਪੁਲਿਸ ਦਾ ਗੈਂਗਸਟਰਾਂ ਖ਼ਿਲਾਫ਼ ਮਿਸ਼ਨ ਪ੍ਰਹਾਰ ਜਾਰੀ ਹੈ। ਜਿਸ ਤਹਿਤ ਪੁਲਿਸ ਨੇ ਸੂਬਾ ਭਰ ’ਚ ਵੱਡੀ ਪੱਧਰ ਤੇ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਹਰ ਮਾੜੇ ਅਨਸਰ ਨੂੰ ਕਾਬੂ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕੀਤੀ। ਇਸੇ ਮਿਸ਼ਨ ਤਹਿਤ ਬਰਨਾਲਾ ਜ਼ਿਲ੍ਹੇ ’ਚ ਵੀ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਬੀਤੇ ਕੱਲ੍ਹ ਤੋਂ ਦਿਨ ਚੜਦਿਆਂ ਹੀ ਸ਼ੱਕੀ ਟਿਕਾਣਿਆਂ ’ਤੇ ਵਿਅਕਤੀਆਂ ’ਤੇ ਛਾਪੇਮਾਰੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਆਈਟੀਆਈ ਚੌਕ ’ਚ ਇਕ ਵਿਸ਼ੇਸ਼ ਨਾਕੇ ’ਤੇ ਗੱਲਬਾਤ ਕਰਦੇ ਹੋਏ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਸੂਬੇ ’ਚੋਂ ਗੈਂਗਸਟਰਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੇ ਇਸ ਵਿਸ਼ੇਸ਼ ਮਿਸ਼ਨ ਤਹਿਤ ਬਰਨਾਲਾ ਪੁਲਿਸ ਵਲੋਂ ਕਰੀਬ 350 ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ’ਤੇ ਆਧਾਰਿਤ 30 ਵੱਖ-ਵੱਖ ਪਾਰਟੀਆਂ ਦਾ ਗਠਨ ਕਰ ਕੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਤੇ ਹੁਣ ਤਕ 43 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਤਿੰਨ 32 ਬੋਰ ਦੇ ਪਿਸਤੌਲ ਵੀ ਬਰਾਮਦ ਕੀਤੇ ਗਏ। ਇਸ ਮੌਕੇ ਐੱਸਐੱਸਪੀ ਆਲਮ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਹੋਰ ਵੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਵੀ ਵਿਅਕਤੀ ਸਿੱਧੇ ਤੌਰ ’ਤੇ ਗੈਂਗਸਟਰਵਾਦ ਨਾਲ ਜੁੜਿਆ ਹੈ ਜਾਂ ਪਨਾਹ ਦਿੰਦਾ ਹੈ ਜਾਂ ਵਿੱਤੀ ਸਹਾਇਤਾ ਦਿੰਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਕਾਨੂੰਨ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੈ। ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵਲੋਂ ਹਿਰਾਸਤ ’ਚ ਲਏ ਵਿਅਕਤੀਆਂ ਦੀ ਪੂਰੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਤੇ ਜਿਸ ਵਿਅਕਤੀ ਦਾ ਮਾੜੀਆਂ ਸਰਗਰਮੀਆਂ ਨਾਲ ਕੋਈ ਸਬੰਧ ਜ਼ਾਹਿਰ ਵੀ ਨਹੀਂ ਹੁੰਦਾ ਉਸ ਨੂੰ ਛੱਡਿਆ ਵੀ ਜਾ ਰਿਹਾ ਹੈ। ਐੱਸਐੱਸਪੀ ਨੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਮਿਸ਼ਨ ਹੈ ਕਿ ਪੰਜਾਬ ਚੋਂ ਅਪਰਾਧ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਲਈ ਗੈਂਗਸਟਰਵਾਦ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹਰ ਵਿਅਕਤੀ ਨੂੰ ਕਾਬੂ ਕੀਤਾ ਜਾਵੇਗਾ। ਐੱਸਐੱਸਪੀ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ’ਚ ਗੈਂਗਸਟਰਵਾਦ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਮਾੜੇ ਕੰਮ ਛੱਡ ਦੇਵੋ ਜਾਂ ਫਿਰ ਬਰਨਾਲਾ ਜ਼ਿਲ੍ਹਾ ਛੱਡ ਦੇਵੋ। ਉਨ੍ਹਾਂ ਕਿਹਾ ਕਿ ਪੁਲਿਸ ਦੀ ਮਾੜੇ ਅਨਸਰਾਂ ਖ਼ਿਲਾਫ਼ ਇਹ ਜੰਗ ਜਾਰੀ ਰਹੇਗੀ। ਜਦੋਂ ਤਕ ਸਮਾਜ ਤੇ ਕਾਨੂੰਨ ਵਿਰੋਧੀ ਅਨਸਰਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਜ਼ਿਲ੍ਹੇ ਦੇ ਲੋਕਾਂ ਦੇ ਕਾਰੋਬਾਰ, ਵਪਾਰ ਤੇ ਸੁਰੱਖਿਅਤ ਜ਼ਿੰਦਗੀ ਲਈ ਹਮੇਸ਼ਾ ਵਚਨਬੱਧ ਹੈ।

About The Author

You may have missed