ਨਾ ਰਜਿਸਟਰੀ, ਨਾ ਬਿਜਲੀ ਬਿੱਲ, ਨਾ ਪਾਣੀ ਬਿੱਲ…. ਫਿਰ ਵੀ ਪਾਸ ਕਰ ਦਿੱਤਾ ਪੀਐਮ ਆਵਾਜ਼ ਯੋਜਨਾ ਤਹਿਤ ਫਾਰਮ… ਵਾਹ ਰੀ ਨਗਰ ਪੰਚਾਇਤ ਹੰਡਿਆਇਆ….

ਜਾਣਕਾਰੀ ਦਿੰਦੇ ਦਲਜਿੰਦਰ ਸਿੰਘ
ਹੰਡਿਆਇਆ-14ਦਸੰਬਰ (ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਵਿੱਚ ਪੀਐਮ ਆਵਾਸ ਯੋਜਨਾ ਤਹਿਤ ਬਹੁਤ ਵੱਡੇ ਘਪਲੇ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਲਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 4, ਕਿਲਾ ਪੱਤੀ ਹੰਡਿਆਇਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਗਰ ਪੰਚਾਇਤ ਹੰਢਿਆਇਆ ਦੇ ਕਰਮਚਾਰੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਪੀਐਮ ਆਵਾਸ ਯੋਜਨਾ ਤਹਿਤ ਅਜਿਹੇ ਲੋਕਾਂ ਦੇ ਫਾਰਮ ਪਾਸ ਕਰਵਾ ਰਹੇ ਹਨ ਜਿਨਾਂ ਨੇ ਦੂਜੇ ਲੋਕਾਂ ਦੀ ਜਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ।ਇੱਕ ਪਾਸੇ ਤਾਂ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਇਸ ਯੋਜਨਾ ਤਹਿਤ ਅਪਲਾਈ ਕਰਨ ਵਾਲੇ ਲੋੜਵੰਦ ਲੋਕਾਂ ਦੇ ਫਾਰਮਾਂ ਨੂੰ ਆਨੇ ਬਹਾਨੇ ਰਿਜੈਕਟ ਕਰ ਦਿੰਦੇ ਹਨ। ਕਦੇ ਕਿਸੇ ਨੂੰ ਘਰ ਦੀ ਰਜਿਸਟਰੀ ਨਾ ਹੋਣ ਦਾ, ਕਦੇ ਪਾਣੀ ਦਾ ਕਨੈਕਸ਼ਨ ਨਾ ਹੋਣ ਦਾ, ਕਦੇ ਬਿਜਲੀ ਦਾ ਕਨੈਕਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਫਾਰਮ ਰਿਜੈਕਟ ਕਰ ਦਿੱਤੇ ਜਾਂਦੇ ਹਨ।ਪ੍ਰੰਤੂ ਆਪਣਿਆਂ ਖਾਸ ਬੰਦਿਆਂ ਦੇ ਅਤੇ ਜੋ ਇਹਨਾਂ ਦਾ ਮਾਨ ਤਾਨ ਕਰ ਦਿੰਦੇ ਹਨ ਉਹਨਾਂ ਦੇ ਫਾਰਮਾਂ ਵਿੱਚੋਂ ਸਾਰੀਆਂ ਰਿਜੈਕਸ਼ਨਾਂ ਦੂਰ ਕਰਕੇ ਪਾਸ ਕਰਵਾ ਦਿੰਦੇ ਹਨ।
ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਨਜ਼ਦੀਕ ਇੱਕ ਉਹਨਾਂ ਦਾ ਖਾਲੀ ਘਰ ਪਿਆ ਸੀ ਜਿਸ ਉੱਪਰ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਧੋਖੇ ਨਾਲ ਕਬਜ਼ਾ ਕਰ ਲਿਆ।ਜਿਸ ਕਾਰਨ ਦਲਜਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਉੱਪਰ ਕੇਸ ਕੀਤਾ ਹੋਇਆ ਹੈ ਅਤੇ ਕੋਰਟ ਵੱਲੋਂ ਸਟੇ ਆਰਡਰ ਵੀ ਲੈ ਰੱਖਿਆ ਹੈ। ਉਹਨਾਂ ਕਿਹਾ ਕਿ ਉਸ ਘਰ ਵਿੱਚ ਨਾ ਤਾਂ ਕੋਈ ਬਿਜਲੀ ਦਾ ਮੀਟਰ ਲੱਗਿਆ ਹੈ, ਨਾ ਹੀ ਪਾਣੀ ਦਾ ਸਰਕਾਰੀ ਕਨੈਕਸ਼ਨ ਹੈ ਅਤੇ ਨਾ ਹੀ ਉਸ ਦੀ ਕੋਈ ਰਜਿਸਟਰੀ ਹੋਈ ਹੈ ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਨਾਲ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀਆ ਨੇ ਉਸ ਦਾ ਪੀਐਮ ਅਵਾਸ ਯੋਜਨਾ ਤਹਿਤ ਫਾਰਮ ਪਾਸ ਕਰ ਦਿੱਤਾ ਹੈ।
ਜਦੋਂ ਉਹਨਾਂ ਨੇ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀਆਂ ਤੋਂ ਪੀਐਮ ਆਵਾਸ ਯੋਜਨਾ ਤਹਿਤ ਪਾਸ ਹੋਏ ਇਸ ਘਰ ਦੇ ਫਾਰਮ ਬਾਰੇ ਗੱਲਬਾਤ ਕਰੀ ਤਾਂ ਉਹਨਾਂ ਨੂੰ ਆਪਣਾ ਭੇਦ ਖੁੱਲਦਾ ਹੋਇਆ ਦਿਖਾਈ ਦਿੱਤਾ। ਉਹਨਾਂ ਕਰਮਚਾਰੀਆਂ ਨੂੰ ਪੁੱਛਿਆ ਕਿ ਜਿਸ ਘਰ ਲਈ ਉਹਨਾਂ ਨੇ ਫਾਰਮ ਪਾਸ ਕੀਤਾ ਹੈ, ਉਸ ਦੇ ਲੋੜੀਂਦੇ ਦਸਤਾਵੇਜ ਕਿੱਥੋਂ ਲਿਆ ਕੇ ਲਾਏ ਗਏ ਤਾਂ ਕਰਮਚਾਰੀਆਂ ਨੇ ਗੁਰਪ੍ਰੀਤ ਸਿੰਘ ਦੀ ਫਾਇਲ ਦਿਖਾਣ ਤੋਂ ਮਨਾ ਕਰ ਦਿੱਤਾ।
ਇਸ ਲਈ ਦਲਜਿੰਦਰ ਸਿੰਘ ਨੇ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਸ਼ਿਕਾਇਤ ਦੇਣੀ ਚਾਹੀ, ਜਿਸ ਵਿੱਚ ਉਸਨੇ ਇਸ ਪਲਾਟ ਬਾਰੇ ਅਤੇ ਕੋਰਟ ਤੋਂ ਮਿਲੇ ਸਟੇ ਆਰਡਰ ਦੀ ਕਾਪੀ ਬਾਰੇ ਜ਼ਿਕਰ ਕਰਦੇ ਹੋਏ, ਇਸ ਕੇਸ ਦੀ ਜਾਂਚ ਕੀਤੇ ਜਾਣ ਅਤੇ ਪੀਐਮ ਆਵਾਸ ਯੋਜਨਾ ਤਹਿਤ ਮਿਲਣ ਵਾਲੀ ਮਦਦ ਨੂੰ ਰੋਕੇ ਜਾਣ ਲਈ ਕਿਹਾ। ਪਰੰਤੂ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀਆਂ ਨੇ ਇਸ ਸ਼ਿਕਾਇਤ ਨੂੰ ਫੜਨ ਤੋਂ ਮਨਾ ਕਰ ਦਿੱਤਾ ਅਤੇ ਆਪਣੇ ਵੱਲੋਂ ਇੱਕ ਅਰਜੀ ਲਿਖ ਕੇ ਦਲਜਿੰਦਰ ਸਿੰਘ ਦੇ ਸਾਈਨ ਕਰਵਾ ਲਏ।
ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਜਰੂਰਤਮੰਦ ਲੋਕ ਆਪਣੇ ਘਰਾਂ ਨੂੰ ਬਣਵਾਉਣ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਹਨ, ਕੀ ਪਹਿਲਾਂ ਉਹ ਦਸਤਾਵੇਜ਼ ਦੇਣ ਦੀ ਜਗ੍ਹਾ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀਆਂ ਦੀ ਚਾਪਲੂਸੀ ਜਾਂ ਉਹਨਾਂ ਦਾ ਮਾਨਤਾਨ ਕਰਨ? ਕਿਉਂਕਿ ਦਸਤਾਵੇਜ ਹੁੰਦੇ ਹੋਏ ਵੀ ਬਹੁਤ ਸਾਰੇ ਲੋਕਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕਹਿੰਦੇ ਹਨ ਕਿ ਸਾਡੇ ਦਸਤਾਵੇਜ ਪੂਰੇ ਹਨ ਪਰ ਫਿਰ ਵੀ ਸਾਡਾ ਫਾਰਮ ਪਾਸ ਨਾ ਕਰਕੇ ਅਜਿਹੇ ਬੰਦਿਆਂ ਦੇ ਫਾਰਮ ਪਾਸ ਕੀਤੇ ਜਾਂਦੇ ਹਨ ਜਿਨਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ। ਇਹ ਗੱਲਾਂ ਹੁਣ ਸੱਚ ਸਾਬਤ ਹੋ ਰਹੀਆਂ ਹਨ ਕਿਉਂਕਿ ਜਿਸ ਬੰਦੇ ਕੋਲ ਘਰ ਦਾ ਕੋਈ ਵੀ ਸਬੂਤ ਹੀ ਨਹੀਂ ਹੈ। ਉਸ ਦਾ ਫਾਰਮ ਕਿਸ ਤਰ੍ਹਾਂ ਨਗਰ ਪੰਚਾਇਤ ਹੰਡਿਆਇਆ ਕਰਮਚਾਰੀ ਪਾਸ ਕਰੀ ਜਾ ਰਹੇ ਹਨ।ਬਿਨਾਂ ਕਿਸੇ ਬਿਜਲੀ ਬਿਲ, ਬਿਨਾਂ ਕਿਸੇ ਸਰਕਾਰੀ ਪਾਣੀ ਦੇ ਕਨੈਕਸ਼ਨ, ਬਿਨਾਂ ਕਿਸੇ ਰਜਿਸਟਰੀ ਜਾਂ ਬਿਨਾਂ ਕਿਸੇ ਟੈਕਸ ਭਰੇ ਤੋਂ ਕੇਵਲ ਇੱਕ ਐਫੀਡੈਬਿਟ ਦੇ ਕੇ ਹੀ ਘਰ ਦੇ ਮਾਲਕ ਬਣ ਕੇ ਪ੍ਰਧਾਨ ਮੰਤਰੀ ਆਸ ਯੋਜਨਾ ਤਹਿਤ ਲਾਭ ਲਿਆ ਜਾਂ ਸਕਦਾ ਹੈ??? ਇਹ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀਆਂ ਦੀ ਲਾਪਰਵਾਹੀ ਹੈ ਜਾਂ ਕੁਝ ਹੋਰ, ਇਹ ਵੱਡੀ ਜਾਂਚ ਦਾ ਵਿਸ਼ਾ ਹੈ।ਕਿਉਂਕਿ ਇਸ ਤੋਂ ਪਹਿਲਾਂ ਵੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਗਰ ਪੰਚਾਇਤ ਹੰਡਿਆਇਆ ਦੁਆਰਾ ਢਾਹੇ ਗਏ ਨਜਾਇਜ਼ ਕਬਜ਼ਿਆਂ ਸਮੇਂ ਵੀ ਲੋਕਾਂ ਮੂੰਹੋਂ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀਆਂ ਤੇ ਮਿਲੀ ਭੁਗਤ ਨਾਲ ਸਰਕਾਰੀ ਜਮੀਨਾਂ ਤੇ ਕਬਜ਼ੇ ਕਰਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ।
