ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ਦੇ ਦੋ ਮਾਲਕਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ਼, ਪੁਲਿਸ ਨੇ ਦੋ ਹੋਰ ਵੀ ਕੀਤੇ ਨਾਮਜ਼ਦ

IMG-20250822-WA0021.jpg

ਬਰਨਾਲਾ, 22 ਅਗਸਤ (ਰਾਕੇਸ਼ ਜੇਠੀ) : ਇੱਕ ਗੁਰਦੁਆਰੇ ਦੀ ਜਮੀਨ ਦੀ ਖਰੀਦੋ ਫ਼ਰੋਖ਼ਤ ਦੇ ਮਾਮਲੇ ਵਿੱਚ ਧਨੌਲੇ ਦੇ ਮਸ਼ਹੂਰ ਦੀਪਕ ਢਾਬੇ ਦੇ ਦੋ ਮਾਲਕਾਂ ਸਮੇਤ ਕੁੱਲ ਚਾਰ ਜਣਿਆਂ ਖ਼ਿਲਾਫ਼ ਥਾਣਾ ਧਨੌਲਾ ਦੀ ਪੁਲਿਸ ਨੇ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਦੀਪਕ ਢਾਬੇ ਦੇ ਮਾਲਕਾਂ ਦੀਪਕ ਦੁੱਗਲ ਅਤੇ ਸੰਦੀਪ ਦੁੱਗਲ ਸਣੇ ਪਾਲ ਕੌਰ ਅਤੇ ਉਸਦੇ ਪੁੱਤਰ ਅਜੈ ਨੌਨਿਹਾਲ ਸਿੰਘ ਖਿਲਾਫ ਦਰਜ ਕੀਤਾ ਗਿਆ ਹੈ। ਦੀਪਕ ਢਾਬੇ ਦੇ ਮਾਲਕ ਗੁਰਦੁਆਰੇ ਦੀ ਢਾਈ ਏਕੜ ਜਮੀਨ ਦੇ ਖਰੀਦਦਾਰ ਹਨ ਅਤੇ ਬਾਕੀ ਦੋ ਮੁਲਜ਼ਮ ਵੇਚਣ ਵਾਲੇ ਹਨ। ਧੋਖੇ ਨਾਲ ਇਹਨਾਂ ਨੇ ਸ਼ਿਕਾਇਤਕਰਤਾ ਦੇ ਹਿੱਸੇ ਦੀ ਢਾਈ ਏਕੜ ਜਮੀਨ ਦਾ ਸੌਦਾ ਕੀਤਾ। ਗੁਰਨਾਮ ਸਿੰਘ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਹੋਇਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੀ ਢਾਈ ਏਕੜ ਜ਼ਮੀਨ ਨੂੰ ਲੈ ਕੇ ਦੂਜੀ ਧਿਰ ਨਾਲ ਝਗੜਾ ਸੀ। ਇਸ ਦੌਰਾਨ ਅਜੈ ਨੌਨਿਹਾਲ ਸਿੰਘ ਅਤੇ ਉਸਦੀ ਮਾਂ ਪਾਲ ਕੌਰ ਨੇ ਇਹ ਜ਼ਮੀਨ ਦੀਪਕ ਢਾਬੇ ਦੇ ਮਾਲਕਾਂ ਨੂੰ ਵੇਚ ਦਿੱਤੀ। ਜਦੋਂ ਗੁਰਨਾਮ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ। ਥਾਣਾ ਧਨੌਲਾ ਦੇ ਮੁਖੀ ਇੰਸਪੈਕਟਰ ਲਖਬੀਰ ਸਿੰਘ ਦੇ ਅਨੁਸਾਰ, ਲੰਬੀ ਜਾਂਚ ਤੋਂ ਬਾਅਦ, ਚਾਰਾਂ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

About The Author

You may have missed