Ekyc ਨਾ ਹੋਣ ਕਾਰਨ ਪੰਜਾਬ ਦੇ 31.39 ਲੱਖ ਲੋਕਾਂ ਨੂੰ ਨਹੀਂ ਮਿਲੇਗਾ “ਮੁਫਤ ਅਨਾਜ”

ਚੰਡੀਗੜ੍ਹ-08ਜੁਲਾਈ- ਪੰਜਾਬ ਦੇ 31.39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 1 ਜੁਲਾਈ ਤੋਂ ਮੁਫ਼ਤ ਅਨਾਜ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ।ਕੇਂਦਰ ਸਰਕਾਰ ਵੱਲੋਂ ਮਿਆਦ ਵਧਾਏ ਜਾਣ ਦੇ ਬਾਵਜੂਦ ਇਹਨਾਂ ਲਾਭਪਾਤਰੀਆਂ ਨੇ ਈ-ਕੇਵਾਈਸੀ (e-KYC) ਪ੍ਰਮਾਣਿਕਤਾ ਪੂਰੀ ਨਹੀਂ ਕਰਵਾਈ। ਨਤੀਜੇ ਵਜੋਂ, ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਲਈ ਇਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ।ਕੇਂਦਰ ਸਰਕਾਰ ਨੇ ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕਰਨ ਅਤੇ ਬਾਇਓਮੈਟ੍ਰਿਕ ਪੁਸ਼ਟੀਕਰਣ (e-KYC) ਨੂੰ ਲਾਜ਼ਮੀ ਬਣਾਇਆ ਸੀ।
ਪੰਜਾਬ ਦੇ 1.59 ਕਰੋੜ ਰਾਸ਼ਨ ਕਾਰਡ ਧਾਰਕਾਂ ਵਿੱਚੋਂ ਸਿਰਫ਼ 1.25 ਕਰੋੜ ਨੇ ਹੀ e-KYC ਪੂਰੀ ਕਰਵਾਈ ਹੈ। 31 ਮਾਰਚ ਅਤੇ 30 ਜੂਨ ਦੀਆਂ ਮਿਆਦਾਂ ਵਧਾਈਆਂ ਗਈਆਂ, ਪਰ 31.39 ਲੱਖ ਲੋਕਾਂ ਨੇ ਪ੍ਰਕਿਰਿਆ ਪੂਰੀ ਨਹੀਂ ਕੀਤੀ।ਰਿਪੋਰਟਾਂ ਅਨੁਸਾਰ, ਪਿਛਲੇ ਸਾਲਾਂ ਵਿੱਚ, ਸਰਕਾਰ ਨੇ ਫਿਜ਼ੀਕਲ ਪੜਤਾਲ ਕਰਵਾਈ ਸੀ, ਜਿਸ ਵਿੱਚ ਬਹੁਤ ਸਾਰੇ ਨਕਲੀ ਜਾਂ ਅਯੋਗ ਲਾਭਪਾਤਰੀ ਪਕੜੇ ਗਏ ਸਨ। e-KYC ਨੂੰ ਲਾਜ਼ਮੀ ਬਣਾਉਣ ਦਾ ਮਕਸਦ ਇਹਨਾਂ ਘਪਲਿਆਂ ਨੂੰ ਰੋਕਣਾ ਹੈ। ਸਰਕਾਰ ਨੇ ਅਜੇ ਵੀ ਸਲਾਹ ਦਿੱਤੀ ਹੈ ਕਿ, ਜਿਨ੍ਹਾਂ ਲੋਕਾਂ ਨੇ ਅਜੇ e-KYC ਪੂਰੀ ਨਹੀਂ ਕੀਤੀ, ਉਹਨਾਂ ਨੂੰ ਆਪਣੇ ਨਜ਼ਦੀਕੀ ਰਾਸ਼ਨ ਦੁਕਾਨ ਜਾਂ ਸੀਐਸਸੀ ਕੇਂਦਰ ਤੇ ਜਾ ਕੇ ਬਾਇਓਮੈਟ੍ਰਿਕ ਪੁਸ਼ਟੀਕਰਣ ਕਰਵਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਰਾਸ਼ਨ ਮਿਲਣਾ ਜਾਰੀ ਰਹੇ।
