ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ: ਇੱਕ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ

“ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ” ਕੇਂਦਰ ਸਰਕਾਰ ਵਲੋਂ ਚਲਾਈ ਇੱਕ ਦੇਸ਼ ਵਿਆਪੀ ਖੇਤੀਬਾੜੀ ਮੁਹਿੰਮ ਹੈ ਜੋ ਸਾਉਣੀ ਦੀਆਂ ਫਸਲਾਂ ਸੀਜ਼ਨ ਲਈ ਕਿਸਾਨਾਂ ਨੂੰ ਗਿਆਨ ਅਤੇ ਸੰਦਾਂ ਨਾਲ ਸਮਰੱਥ ਬਣਾਉਣ ਦੇ ਉਦੇਸ਼ ਨਾਲ ਮਿਤੀ 29 ਮਈ ਤੋਂ 12 ਜੂਨ 2025 ਤੱਕ ਵੱਖ ਵੱਖ ਪਿੰਡਾਂ ਵਿੱਚ ਚਲਾਈ ਜਾਵੇਗੀ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਨੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੇ ਅਧੀਨ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਲੋਂ ਵੱਖ -ਵੱਖ ਪਿੰਡਾਂ ਵਿੱਚ ਡਾ. ਤੰਵਰ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਏ ਗਏ । ਇਸ ਵਿੱਚ ਜ਼ਮੀਨੀ ਪੱਧਰ ‘ਤੇ, ਖਾਸ ਕਰਕੇ ਪੇਂਡੂ ਅਤੇ ਪਛੜੇ ਖੇਤਰਾਂ ਵਿੱਚ, ਕਿਸਾਨਾਂ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਇੱਕ ਰਣਨੀਤਕ ਪਹਿਲ ਕੀਤੀ ਹੈ। ਇਸ ਮੁਹਿੰਮ ਰਾਹੀਂ, ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖੇਤੀਬਾੜੀ, ਸਹਾਇਕ ਖੇਤਰਾਂ ਅਤੇ ਸਰਕਾਰੀ ਯੋਜਨਾਵਾਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਸਾਉਣੀ ਦੇ ਮੌਸਮ ਤੋਂ ਪਹਿਲਾਂ ਹਰ ਕਿਸਾਨ ਦੇ ਦਰਵਾਜ਼ੇ ਤੇ ਪਹੁੰਚੇ।
ਮਿਤੀ 29 ਮਈ 2025 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਲੋਂ 3 ਟੀਮਾਂ ਦਾ ਗਠਨ ਕਰਕੇ ਬਰਨਾਲਾ ਜ਼ਿਲ੍ਹੇ ਦੇ 9 ਪਿੰਡ (ਕੱਟੂ, ਉੱਪਲੀ, ਰਾਜਗੜ੍ਹ, ਸੇਖਾ, ਜਲੂਰ, ਕਰਮਗੜ੍ਹ, ਅਸਪਾਲ ਖੁਰਦ, ਕਾਲੇਕੇ ਅਤੇ ਮਨਿਸਰ ਨਗਰ) ਵਿਖੇ ਜਾ ਕੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਸੰਬੰਧੀ ਜਾਣਕਾਰੀ ਵੱਖ – ਵੱਖ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਇਸ ਵਿੱਚ 1450 ਕਿਸਾਨ ਅਤੇ ਕਿਸਾਨ ਮਹਿਲਾਵਾਂ ਨੇ ਭਾਗ ਲਿਆ। ਹਰ ਟੀਮ ਵਿੱਚ 2-2 ਸਾਇੰਸਦਾਨ ਨਿਯੁਕਤ ਕੀਤੇ ਗਏ ਸਨ। ਇਸ ਮੁਹਿੰਮ ਨੂੰ ਸਫ਼ਲ ਕਰਨ ਵਿੱਚ ਕਿਸਾਨ ਭਲਾਈ ਅਤੇ ਖ਼ੇਤੀਬਾੜੀ ਮਹਿਕਮੇ, IFFCO, ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਨੇ ਵੀ ਸਹਿਯੋਗ ਦਿੱਤਾ। ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨਾਂ ਨੂੰ ਢੁਕਵਾਂ ਸਾਹਿਤ ਵੀ ਵੰਡਿਆ ਗਿਆ ।