ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ

ਬਰਨਾਲਾ – 29 ਮਈ -ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਆਈ. ਏ. ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ. ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਸੈਂਟਪਾਲ ਇੰਟਰਨੈਸ਼ਨਲ ਸਕੂਲ ਹੰਡਿਆਇਆ, ਬੀ.ਐਮ.ਇੰਟਰਨੈਸ਼ਨਲ ਸਕੂਲ ਬਰਨਾਲਾ, ਆਦਰਸ਼ ਸਕੂਲ ਕਾਲੇਕੇ, ਸਰਵੋਤਮ ਅਕੈਡਮੀ ਦੀਆਂ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ 12 ਸਕੂਲੀ ਬੱਸਾਂ ਜੋ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ 3 ਸਕੂਲੀ ਬੱਸਾਂ ਜ਼ਬਤ ਕੀਤੀਆਂ ਗਈਆਂ।
ਓਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਜਿਵੇ ਸੀ.ਸੀ.ਟੀ.ਵੀ ਕੈਮਰਾ, ਖਿੜਕੀ ‘ਤੇ ਲੋਹੇ ਦੀ ਗਰਿੱਲ, ਮੁਢਲੀ ਸਹਾਇਤਾ ਬਾਕਸ, ਮਹਿਲਾ ਕਡੰਕਟਰ, ਅੱਗ ਬੁਝਾਊ ਯੰਤਰ, ਲਾਇਸੈਂਸ, ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲਾਂ ਦੁਆਰਾ ਇਹ ਕਹਿ ਕੇ ਆਪਣਾ ਪੱਲਾ ਝਾੜਿਆ ਜਾਂਦਾ ਹੈ ਕਿ ਸਕੂਲ ਦੀ ਆਪਣੀ ਕੋਈ ਵੀ ਵੈਨ ਨਹੀ ਹੈ। ਸਾਰੀਆਂ ਵੈਨਾਂ ਪ੍ਰਾਈਵੇਟ ਕਨਟਰੈਕਟਰ ਦੁਆਰਾ ਚਲਾਈਆਂ ਜਾ ਰਹੀਆਂ ਹਨ, ਪ੍ਰੰਤੂ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਮੁਤਾਬਿਕ ਬੱਚਿਆ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਕੂਲ ਮੈਨੇਜਮੈਂਟ ਦੀ ਹੈ। ਇਸ ਲਈ ਸਕੂਲ ਮੈਨੇਜਮੈਂਟ ਦੀ ਇਹ ਨਿੱਜੀ ਜ਼ਿੰਮੇਵਾਰੀ ਹੈ ਕਿ ਉਹ ਸਾਰੀਆਂ ਵੈਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਢੁਕਵਾਂ ਬਣਾਉਣ ।

ਇਸ ਮੌਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਵਾਰ ਵਾਰ ਪਾਲਿਸੀ ਦੀਆਂ ਹਦਾਇਤਾਂ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਵੀ ਕਈ ਸਕੂਲਾਂ ਵੱਲੋਂ ਨਿਯਮਾਂ ਦੀ ਪਾਲਣ ਨਹੀਂ ਕੀਤੀ ਜਾ ਰਹੀ ਜਿਸ ‘ਤੇ ਹੁਣ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿੱਚੋਂ ਸ਼੍ਰੀ ਬਲਵਿੰਦਰ ਸਿੰਘ (ਆਊਟਰੀਚ ਅਫਸਰ), ਲੱਖਾ ਸਿੰਘ (ਸੋਸ਼ਲ ਵਰਕਰ) ਜ਼ਿਲ੍ਹਾ ਟ੍ਰਰਾਂਸਪੋਰਟ ਵਿਭਾਗ ਵੱਲੋਂ ਏ.ਐਸ.ਆਈ ਗੁਰਚਰਨ ਸਿੰਘ, (ਟ੍ਰੈਫਿਕ ਐਜੂਕੇਸ਼ਨ ਸੈਲ) ਜਗਤਾਰ ਸਿੰਘ ਚੈਕਿੰਗ ਟੀਮ ਵਿਚ ਸ਼ਾਮਲ ਸਨ।