ਦਿੱਲੀ ਦੇ ਲੀਡਰਾਂ ਨੇ ਕੀਤਾ ਪੰਜਾਬ ਤੇ ਕਬਜ਼ਾ

ਹੰਡਿਆਇਆ -08 ਅਪ੍ਰੈਲ- ਪੰਜਾਬ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੈ “ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ” ਮਤਲਬ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਲੁੱਟਣ ਲਈ ਆਉਂਦਾ ਸੀ ਤਾਂ ਉਹ ਪੰਜਾਬ ਦੇ ਰਸਤੇ ਦਿੱਲੀ ਜਾਇਆ ਕਰਦਾ ਸੀ, ਪੰਜਾਬ ਦੇ ਲੋਕਾਂ ਦੀ ਲੁੱਟ ਕਰਕੇ ਫਿਰ ਦਿੱਲੀ ਜਾਂਦਾ ਸੀ। ਜਿਸ ਕਰਕੇ ਲੋਕਾਂ ਨੇ ਇਹ ਕਹਾਵਤ ਬਣਾ ਲਈ ਕਿ ਜੋ ਕਮਾ ਲਿਆ ਸੋ ਖਾ ਲਿਆ ਬਾਕੀ ਤਾਂ ਲੁਟੇਰੇ ਅਹਿਮਦ ਸ਼ਾਹ ਨੇ ਲੁੱਟ ਕੇ ਹੀ ਲੈ ਜਾਣਾ ਹੈ। ਆਪਣੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਿਊਮਨ ਰਾਈਟਸ ਸੈਲ ਬੀਜੇਪੀ ਦੇ ਜਿਲਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜਿਆ ਕਰਦੇ ਸੀ ਕਿ ਲਾਹੌਰ ਵਾਲੀ ਸਾਈਡ ਤੋਂ ਮੁਗਲ ਲੁਟੇਰੇ ਆਉਂਦੇ ਸੀ ਤੇ ਲੁੱਟ ਕੇ ਲੈ ਜਾਂਦੇ ਸੀ। ਹੁਣ ਤਾਂ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਲਈ ਆ ਗਏ। ਜਿਨਾਂ ਵਿੱਚ ਸੁਪਰ ਸੀਐਮ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦੀਆ, ਸਤਿੰਦਰ ਜੈਨ ਹਨ। ਜਿਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਹੈ, ਜਿਸ ਦੇ ਇਹ ਯੋਗ ਸਨ। ਇਹ ਉਹ ਲੋਕ ਹਨ ਜੋ ਜੇਲ ਯਾਤਰਾ ਕਰਕੇ ਆਏ ਹਨ, ਕਈ ਕੇਸਾਂ ਵਿੱਚ ਲੁੜੀਂਦੇ ਹਨ ਅਤੇ ਜਮਾਨਤ ਤੇ ਬਾਹਰ ਆਏ ਹੋਏ ਹਨ। ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਸੱਤਾ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਰੰਤੂ ਮਹਾਨ ਇਨਕਲਾਬੀ ਸੀਐਮ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੂੰ ਸਿਰ ਤੇ ਬਿਠਾਇਆ ਹੋਇਆ ਹੈ। ਤੀਰਥ ਯਾਤਰਾ ਪੰਜਾਬ ਦੀ ਤੇ ਪ੍ਰੋਗਰਾਮ ਤੈਅ ਕਰਨ ਦਿੱਲੀ ਵਾਲੇ, ਲੋਕ ਸੰਪਰਕ ਮਹਿਕਮਾ ਪੰਜਾਬ ਦਾ ਅਤੇ ਚਲਾ ਰਹੇ ਨੇ ਦਿੱਲੀ ਵਾਲੇ, ਧਰਤੀ ਪੰਜਾਬ ਦੀ ਰੀਅਲ ਸਟੇਟ ਦੇ ਆਗੂ ਗੈਰ ਪੰਜਾਬੀ। ਪੰਜਾਬ ਵਿੱਚ ਕੁਝ ਵੀ ਠੀਕ ਢੰਗ ਨਾਲ ਨਹੀਂ ਚੱਲ ਰਿਹਾ। ਪੁਲਿਸ ਪ੍ਰਸ਼ਾਸਨ ਫੇਲ, ਬਿਊਰੋਕਰੇਸੀ ਫੇਲ। ਪੰਜਾਬ ਦੀ ਜਨਤਾ ਨੇ ਬੜੇ ਉਤਸ਼ਾਹ ਦੇ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਦਿਵਾ ਕੇ ਸਰਕਾਰ ਬਣਾਈ ਸੀ। ਲੋਕਾਂ ਨੇ ਬਹੁਤ ਉਮੀਦਾਂ ਲਗਾ ਕੇ ਰੱਖੀਆਂ ਸਨ ਕਿ ਬਦਲਾਵ ਆਵੇਗਾ ਪਰੰਤੂ ਅਜਿਹਾ ਕੁਝ ਵੀ ਬਦਲਾਵ ਦੇਖਣ ਨੂੰ ਨਹੀਂ ਮਿਲਿਆ। ਅਜਿਹਾ ਪਹਿਲੀ ਸਰਕਾਰ ਹੈ ਜਿਸਨੇ ਪੰਜਾਬ ਨੂੰ ਦਿੱਲੀ ਦੀ ਝੋਲੀ ਵਿੱਚ ਪਾ ਦਿੱਤਾ ਹੋਵੇ। ਕੇਜਰੀਵਾਲ ਨੇ ਪਤਾ ਨਹੀਂ ਮਾਨ ਸਾਹਿਬ ਦੀ ਕਿਹੜੀ ਗੁੱਜੀ ਨਬਜ ਫੜ ਰੱਖੀ ਹੈ, ਜਿਸ ਕਾਰਨ ਪੰਜਾਬ ਸਰਕਾਰ ਰਿਮੋਟ ਕੰਟਰੋਲ ਸਰਕਾਰ ਬਣ ਚੁੱਕੀ ਹੈ। ਹੁਣ ਕੇਜਰੀਵਾਲ ਸਾਹਿਬ ਦਿੱਲੀ ਵਿੱਚੋਂ ਹਾਰੇ ਆਪਣੇ ਮੰਤਰੀ ਮੰਡਲ ਨੂੰ ਪੰਜਾਬ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦਾ ਖਾਮਿਆਜਾ ਭਗਵੰਤ ਮਾਨ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।