ਪੰਜਾਬ ਬੰਦ ਦੇ ਸੱਦੇ ਨੂੰ ਮਜਬੂਰੀ ਦਾ ਹੁੰਗਾਰਾ

ਹੰਡਿਆਇਆ-30ਦਸੰਬਰ-ਕਿਸਾਨਾਂ ਦੁਆਰਾ ਕੀਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਜਬੂਰੀ ਦਾ ਹੁੰਗਾਰਾ ਹੀ ਮਿਲਿਆ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਰਾਹਗੀਰਾਂ ਤੇ ਦੁਕਾਨਦਾਰਾਂ ਦੀਆਂ ਕਿਸਾਨਾਂ ਨਾਲ ਨੋਕ ਝੋਕ ਦੀਆਂ ਬਹੁਤ ਸਾਰੀਆਂ ਵੀਡੀਓ ਤੋ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਦੁਕਾਨਦਾਰਾਂ ਤੇ ਆਮ ਜਨਤਾ ਨੇ ਪੰਜਾਬ ਬੰਦ ਦਾ ਭਰਪੂਰ ਵਿਰੋਧ ਕੀਤਾ ਹੈ।ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਿੱਚ ਇੱਕ ਔਰਤ ਕਿਸਾਨਾਂ ਨੂੰ ਬੋਲਦੇ ਹੋਏ ਕਹਿਦੀ ਹੈ ਕਿ ਤੁਸੀਂ ਲੋਕ ਤਾਂ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਵਗੈਰਾ ਲਗਾ ਕੇ ਆ ਗਏ ਹੋ ਅਤੇ ਤੁਹਾਡੀਆਂ ਫਸਲਾਂ ਤੁਹਾਡੇ ਲਈ ਕਮਾਈ ਕਰ ਰਹੀਆਂ ਹਨ ਪ੍ਰੰਤੂ ਦੁਕਾਨਾਂ ਬੰਦ ਕਰਵਾ ਕੇ ਸਾਡੀ ਕਮਾਈਆਂ ਨੂੰ ਖਤਮ ਕਿਉਂ ਕਰ ਰਹੇ ਹੋ।ਇੱਕ ਹੋਰ ਵੀਡੀਓ ਵਿੱਚ ਕੁਝ ਕਿਸਾਨ ਮਹਿੰਗੀ ਗੱਡੀ ਵਿੱਚ ਬੈਠ ਕੇ ਬਾਜ਼ਾਰ ਵਿੱਚ ਦੁਕਾਨਾਂ ਬੰਦ ਕਰਵਾ ਰਹੇ ਸਨ। ਇੱਕ ਦੁਕਾਨਦਾਰ ਨੇ ਦੁਕਾਨ ਬੰਦ ਨਹੀਂ ਕਰਨੀ ਚਾਹੀ ਤਾਂ ਉਸ ਨਾਲ ਬਹਿਸਬਾਜੀ ਕਰਨ ਲੱਗੇ।ਕੁਝ ਹੋਰ ਵੀਡੀਓ ਵਿੱਚ ਵੀ ਰਾਹਗੀਰਾਂ ਦੁਆਰਾ ਰਸਤਾ ਜਾਮ ਕਰੀ ਬੈਠੇ ਕਿਸਾਨਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ ਜਾ ਰਹੀਆਂ ਹਨ।ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਆਮ ਜਨਤਾ ਅਤੇ ਦੁਕਾਨਦਾਰਾਂ ਵੱਲੋ “ਬੰਦ ਨੂੰ ਕੋਈ ਸਮਰਥਨ ਨਹੀਂ ਸੀ। ਸੜਕਾਂ ਅਤੇ ਰੇਲਵੇ ਮਾਰਗ ਜਾਮ ਕਰਕੇ ਜ਼ਬਰਦਸਤੀ ਲੋਕਾਂ ਨੂੰ ਘਰ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ।ਇਸ ਜ਼ਬਰਦਸਤੀ ਦੇ ਬੰਦ ਨਾਲ ਪੰਜਾਬ ਨੂੰ ਅਤੇ ਉਸਦੀ ਆਮ ਜਨਤਾ ਨੂੰ ਕਿੰਨਾ ਮਾਲੀ ਨੁਕਸਾਨ ਹੋਇਆ ਹੋਣਾ ਹੈ ਇਸ ਦਾ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।