ਗਿਆਨ ਸਿੰਘ ਮੰਗੂ ਦਾ ਬਰਨਾਲਾ ਬਾਰ ਵਿਖੇ ਨਿੱਘਾ ਸਵਾਗਤ, ਵਕੀਲਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਦਿੱਤਾ ਭਰੋਸਾ

ਐਡਵੋਕੇਟ ਪ੍ਰੋਟੈਕਸ਼ਨ ਐਕਟ ਲਾਗੂ ਕਰਵਾਉਣ ਅਤੇ ਵਕੀਲਾਂ ਦੇ ਚੈਂਬਰਾਂ ਲਈ ਫੰਡ ਮੁਹੱਈਆ ਕਰਵਾਉਣਾ ਮੁੱਖ ਤਰਜੀਹਾਂ ਵਿੱਚ ਸ਼ਾਮਲ: ਗਿਆਨ ਸਿੰਘ ਮੰਗੂ
ਬਰਨਾਲਾ, 12 ਅਕਤੂਬਰ(ਰਾਕੇਸ਼ ਜੇਠੀ): ਆਮ ਆਦਮੀ ਪਾਰਟੀ ਦੇ ਕਾਨੂੰਨੀ ਵਿੰਗ ਦੇ ਪੰਜਾਬ ਪ੍ਰਧਾਨ ਗਿਆਨ ਸਿੰਘ ਮੰਗੂ ਨੇ ਅੱਜ ਬਰਨਾਲਾ ਬਾਰ ਵਿਖੇ ਪਹੁੰਚ ਕੇ ਵਕੀਲਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਆਮ ਆਦਮੀ ਪਾਰਟੀ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਧੀਰਜ ਕੁਮਾਰ ਅਤੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਕਾਲੀਆ ਦੀ ਅਗਵਾਈ ਹੇਠ ਸਮੁੱਚੀ ਟੀਮ ਅਤੇ ਬਰਨਾਲਾ ਬਾਰ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਬਰਨਾਲਾ ਬਾਰ ਨੂੰ ਸੰਬੋਧਨ ਕਰਦਿਆਂ ਗਿਆਨ ਸਿੰਘ ਮੰਗੂ ਨੇ ਕਿਹਾ ਕਿ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਹ ਨਾਭਾ ਬਾਰ ਦੇ 25ਵੀਂ ਵਾਰ ਪ੍ਰਧਾਨ ਬਣੇ ਹਨ ਅਤੇ ਆਪਣੇ ਲੰਮੇ ਤਜਰਬੇ ਦੇ ਆਧਾਰ ’ਤੇ ਵਕੀਲਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਅਤੇ ਬੁਨਿਆਦੀ ਸਹੂਲਤਾਂ ਲਈ ਸਰਕਾਰ ਤੋਂ ਫੰਡ ਮੁਹੱਈਆ ਕਰਵਾਉਣਾ ਅਤੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਲਾਗੂ ਕਰਵਾਉਣਾ ਉਨ੍ਹਾਂ ਦੇ ਮੁੱਖ ਟੀਚਿਆਂ ਵਿੱਚ ਸ਼ਾਮਲ ਹੈ। ਉਨ੍ਹਾਂ ਵਕੀਲ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸਮੂਹ ਵਕੀਲਾਂ ਨੂੰ ਨਾਲ ਲੈ ਕੇ ਯਤਨ ਕੀਤੇ ਜਾਣਗੇ।
ਗਿਆਨ ਸਿੰਘ ਮੰਗੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਸਦਕਾ ਪਹਿਲਾਂ ਪੰਜਾਬ ਸਰਕਾਰ ਕੋਲੋਂ ਵਕੀਲਾਂ ਦੇ ਚੈਂਬਰਾਂ ਵਿੱਚ ਲੱਗੇ ਬਿਜਲੀ ਮੀਟਰਾਂ ਦੇ ਬਿੱਲ ਕਮਰਸ਼ੀਅਲ ਸ਼੍ਰੇਣੀ ਤੋਂ ਰਿਹਾਇਸ਼ੀ ਸ਼੍ਰੇਣੀ ਵਿੱਚ ਤਬਦੀਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਦਰਪੇਸ਼ ਹੋਰ ਮੁਸ਼ਕਲਾਂ ਦੇ ਹੱਲ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਬਰਨਾਲਾ ਬਾਰ ਦੇ ਪ੍ਰਧਾਨ ਐਡਵੋਕੇਟ ਜਤਿੰਦਰ ਕੁਮਾਰ ਬਹਾਦਰਪੁਰ ਵਾਲੇ, ਸਕੱਤਰ ਐਡਵੋਕੇਟ ਅਨੂ ਸ਼ਰਮਾ, ਮੀਤ ਪ੍ਰਧਾਨ ਐਡਵੋਕੇਟ ਹਿਮਾਂਸ਼ੂ ਗਰਗ, ਮੀਤ ਪ੍ਰਧਾਨ ਐਡਵੋਕੇਟ ਭਾਵਨਾ ਮਾਰਕੰਡਾ, ਆਮ ਆਦਮੀ ਪਾਰਟੀ ਦੇ ਕਾਨੂੰਨੀ ਵਿੰਗ ਦੇ ਅਹੁਦੇਦਾਰ ਹਰਪ੍ਰੀਤ ਸੰਧੂ, ਪੁਲਕਿਤ ਗਰਗ ਅਤੇ ਅਮਨਦੀਪ ਸ਼ਰਮਾ ਹਾਜ਼ਰ ਸਨ।
ਇਸ ਤੋਂ ਇਲਾਵਾ ਬਾਰ ਦੇ ਮੈਂਬਰ ਐਡਵੋਕੇਟ ਜਗਜੀਤ ਸਿੰਘ ਢਿੱਲੋਂ, ਹਰਿੰਦਰ ਪਾਲ ਸਿੰਘ ਰਾਣੋ, ਰਾਹੁਲ ਗੁਪਤਾ, ਸਾਬਕਾ ਪ੍ਰਧਾਨ ਐਡਵੋਕੇਟ ਪੰਕਜ ਬਾਂਸਲ, ਸਾਬਕਾ ਮੀਤ ਪ੍ਰਧਾਨ ਤਲਵਿੰਦਰ ਮਮੂਟ ਅਤੇ ਸਾਬਕਾ ਸਕੱਤਰ ਕਰਨਵੀਰ ਮਾਨ ਸਮੇਤ ਹੋਰ ਵਕੀਲ ਵੀ ਮੌਜੂਦ ਸਨ।
ਇਸ ਮੁਲਾਕਾਤ ਦੌਰਾਨ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਹੱਕਾਂ ਦੀ ਰਾਖੀ ਅਤੇ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
