ਤਨਖਾਹ ਕਟੌਤੀ ਮਾਮਲੇ ’ਤੇ ਹੰਡਿਆਇਆ ’ਚ ਘਮਸਾਨ, ਸੋਸ਼ਲ ਮੀਡੀਆ ’ਤੇ ਦੋਵੇਂ ਧਿਰਾਂ ਵੱਲੋਂ ਵੀਡੀਓ ਜਾਰੀ

ਹੰਡਿਆਇਆ, 24 ਸਤੰਬਰ(ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਦੇ ਸਫਾਈ ਕਰਮਚਾਰੀਆਂ ਦੀ ਤਨਖਾਹ ਕੱਟੇ ਜਾਣ ਦਾ ਮਾਮਲਾ ਹੁਣ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜਿੱਥੇ ਸਫਾਈ ਕਰਮਚਾਰੀਆਂ ਵੱਲੋਂ 22 ਸਤੰਬਰ 2026 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਪਿਛਲੇ ਦੋ ਦਿਨਾਂ ਤੋਂ ਦੋਵੇਂ ਧਿਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਇੱਕ-ਦੂਜੇ ਦੇ ਪੱਖ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਤਨਖਾਹ ਕਟੌਤੀ ਅਤੇ ਹਾਜ਼ਰੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਸਫਾਈ ਕਰਮਚਾਰੀਆਂ ਵਿੱਚ ਰੋਸ ਪੈਦਾ ਹੋਇਆ, ਜਿਸ ਤੋਂ ਬਾਅਦ ਕਰਮਚਾਰੀਆਂ ਨੇ 22 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਹੜਤਾਲ ਦੌਰਾਨ ਸਫਾਈ ਕਰਮਚਾਰੀਆਂ ਵੱਲੋਂ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕੁਝ ਐਮਸੀਜ਼ ਦੇ ਨਾਮ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ।
ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਐਮਸੀਜ਼ ਦੇ ਨਾਮ ਲੈ ਕੇ ਨਾਅਰੇਬਾਜ਼ੀ ਕੀਤੀ ਗਈ, ਉਨ੍ਹਾਂ ਵੱਲੋਂ ਸਫਾਈ ਕਰਮਚਾਰੀਆਂ ਖ਼ਿਲਾਫ਼ ਪੁਲਿਸ ਚੌਕੀ ਹੰਢਿਆਇਆ ਵਿਖੇ ਸ਼ਿਕਾਇਤ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਤ ਪੁਸ਼ਟੀ ਸਾਹਮਣੇ ਆਉਣੀ ਬਾਕੀ ਹੈ।
ਐਮਸੀ ਨੇ ਵੀਡੀਓ ਜਾਰੀ ਕਰਕੇ ਸਫਾਈ ਕਰਮਚਾਰੀਆਂ ’ਤੇ ਚੁੱਕੇ ਸਵਾਲ
23 ਸਤੰਬਰ ਨੂੰ ਆਮ ਆਦਮੀ ਪਾਰਟੀ ਨਾਲ ਸਬੰਧਤ ਐਮਸੀ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤੀ ਗਈ। ਵੀਡੀਓ ਵਿੱਚ ਉਨ੍ਹਾਂ ਵੱਲੋਂ ਸਫਾਈ ਕਰਮਚਾਰੀਆਂ ’ਤੇ ਬਿਨਾਂ ਵਜ੍ਹਾ ਹੜਤਾਲ ਕਰਨ ਦੇ ਦੋਸ਼ ਲਗਾਏ ਗਏ। ਐਮਸੀ ਵੱਲੋਂ ਇਹ ਵੀ ਕਿਹਾ ਗਿਆ ਕਿ ਸਫਾਈ ਕਰਮਚਾਰੀ ਛੋਟੀਆਂ-ਛੋਟੀਆਂ ਮੰਗਾਂ, ਜਿਵੇਂ ਸਾਬਣ, ਵਰਦੀ ਆਦਿ ਨੂੰ ਲੈ ਕੇ ਵੀ ਹੜਤਾਲ ’ਤੇ ਚਲੇ ਜਾਂਦੇ ਹਨ, ਜਿਸ ਕਾਰਨ ਹੰਢਿਆਇਆ ਦੀ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਫਾਈ ਕਰਮਚਾਰੀਆਂ ਨੇ ਵੀਡੀਓ ਜਾਰੀ ਕਰਕੇ ਦਿੱਤਾ ਜਵਾਬ
ਇਸ ਦੇ ਜਵਾਬ ਵਿੱਚ ਅੱਜ ਨਗਰ ਪੰਚਾਇਤ ਹੰਢਿਆਇਆ ਦੇ ਸਫਾਈ ਕਰਮਚਾਰੀਆਂ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤੀ ਗਈ। ਕਰਮਚਾਰੀਆਂ ਨੇ ਐਮਸੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਨਗਰ ਪੰਚਾਇਤ ਵੱਲੋਂ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰ ਦਿੱਤੇ ਜਾਣ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਹੜਤਾਲ ਕਰਨ ਦੀ ਲੋੜ ਹੀ ਕਿਉਂ ਪਵੇਗੀ।
ਸਫਾਈ ਕਰਮਚਾਰੀਆਂ ਨੇ ਐਮਸੀ ’ਤੇ ਸੋਸ਼ਲ ਮੀਡੀਆ ਰਾਹੀਂ ਕਥਿਤ ਤੌਰ ’ਤੇ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਮਾਮਲੇ ਦੀ ਅਸਲ ਤਸਵੀਰ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।
ਦੋਵੇਂ ਧਿਰਾਂ ਮੰਗ ਰਹੀਆਂ ਹਨ ਜਨਤਾ ਦਾ ਸਹਿਯੋਗ, ਪਰ ਪਰੇਸ਼ਾਨ ਆਮ ਲੋਕ
ਇਸ ਪੂਰੇ ਮਾਮਲੇ ਵਿੱਚ ਹਾਸੋਹੀਣੀ ਗੱਲ ਇਹ ਹੈ ਕਿ ਦੋਨੋਂ ਧਿਰਾਂ ਹੰਡਿਆਇਆ ਦੀ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਨ ਜਦੋਂ ਕਿ ਦੋਨਾਂ ਧਿਰਾਂ ਦੀ ਆਪਸੀ ਲੜਾਈ ਵਿੱਚ ਆਮ ਜਨਤਾ ਹੀ ਪੀਸ ਰਹੀ ਹੈ। ਦੋਵੇਂ ਧਿਰਾਂ ਵਿਚਾਲੇ ਚੱਲ ਰਹੇ ਇਸ ਵਿਵਾਦ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈਂਦਾ ਨਜ਼ਰ ਆ ਰਿਹਾ ਹੈ।
ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋਣ ਅਤੇ ਲੋਕਾਂ ਨੂੰ ਕੂੜੇ-ਕਰਕਟ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸੰਭਾਵਨਾ ਬਣੀ ਹੋਈ ਹੈ। ਦੂਜੇ ਪਾਸੇ ਸਫਾਈ ਕਰਮਚਾਰੀ ਆਪਣੀ ਤਨਖਾਹ ਕਟੌਤੀ ਅਤੇ ਹਾਜ਼ਰੀ ਨਾਲ ਜੁੜੇ ਮਾਮਲੇ ਨੂੰ ਸਿਰਫ਼ ਮੌਜੂਦਾ ਤਨਖਾਹ ਦਾ ਮਸਲਾ ਨਹੀਂ, ਸਗੋਂ ਭਵਿੱਖ ਵਿੱਚ ਪੈਦਾ ਹੋ ਸਕਣ ਵਾਲੇ ਵੱਡੇ ਵਿਵਾਦ ਵਜੋਂ ਦੇਖ ਰਹੇ ਹਨ।
ਮਾਮਲਾ ਸੁਲਝਾਉਣ ਲਈ ਪ੍ਰਸ਼ਾਸਨਿਕ ਦਖਲ ਦੀ ਮੰਗ
ਲੋਕਾਂ ਵਿੱਚ ਚਰਚਾ ਹੈ ਕਿ ਜੇਕਰ ਦੋਵੇਂ ਧਿਰਾਂ ਆਪਸੀ ਤਕਰਾਰ ਨੂੰ ਅੱਗੇ ਵਧਾਉਣ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਤਾਂ ਹਾਲਾਤ ਸੁਧਰ ਸਕਦੇ ਹਨ। ਉੱਥੇ ਹੀ ਇਹ ਵੀ ਚਰਚਾ ਹੈ ਕਿ ਮਾਮਲਾ ਹੁਣ ਨਿੱਜੀ ਇੱਜ਼ਤ ਜਾਂ ਆਪਸੀ ਦੋਸ਼ਾਂ ਦਾ ਵਿਸ਼ਾ ਬਣਨ ਦੀ ਬਜਾਏ ਤੱਥਾਂ ਅਤੇ ਨਿਯਮਾਂ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।
ਸਫਾਈ ਕਰਮਚਾਰੀ ਕੱਟੀ ਗਈ ਤਨਖਾਹ ਵਾਪਸ ਕਰਨ ਅਤੇ ਆਪਣੀਆਂ ਮੰਗਾਂ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ, ਜਦਕਿ ਦੂਜੇ ਪਾਸੇ ਜਨਤਾ ਨੂੰ ਸਫਾਈ ਵਿਵਸਥਾ ਪ੍ਰਭਾਵਿਤ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ਹਾਲਾਤਾਂ ਵਿੱਚ ਉੱਚ ਪ੍ਰਸ਼ਾਸਨ ਵੱਲੋਂ ਮਾਮਲੇ ਵਿੱਚ ਦਖਲ ਦੇ ਕੇ ਦੋਵੇਂ ਧਿਰਾਂ ਦੀ ਗੱਲ ਸੁਣਨ ਅਤੇ ਨਿਯਮਾਂ ਅਨੁਸਾਰ ਜਲਦ ਹੱਲ ਕੱਢਣ, ਤਾਂ ਜੋ ਹੜਤਾਲ ਖ਼ਤਮ ਹੋਵੇ ਅਤੇ ਹੰਡਿਆਇਆ ਦੀ ਸਫਾਈ ਵਿਵਸਥਾ ਮੁੜ ਪਟੜੀ ’ਤੇ ਆ ਸਕੇ।
ਹੁਣ ਸਵਾਲ ਇਹ ਹੈ ਕਿ ਆਖ਼ਰ ਤਨਖਾਹ ਕਟੌਤੀ ਦੇ ਇਸ ਵਿਵਾਦ ਦਾ ਹੱਲ ਕਦੋਂ ਨਿਕਲੇਗਾ ਅਤੇ ਹੰਡਿਆਇਆ ਦੀ ਆਮ ਜਨਤਾ ਨੂੰ ਇਸ ਆਪਸੀ ਟਕਰਾਅ ਤੋਂ ਕਦੋਂ ਰਾਹਤ ਮਿਲੇਗੀ?
