ਇਮਾਨਦਾਰੀ ਅਜੇ ਵੀ ਜ਼ਿੰਦਾ ਹੈ: ਹੰਡਿਆਇਆ ਦੇ ਸਬਜ਼ੀ ਵਿਕਰੇਤਾ ਨੇ ਮੋਬਾਈਲ ਦੇ ਅਸਲ ਮਾਲਕ ਨੂੰ ਲੱਭ ਕੇ ਵਾਪਸ ਕੀਤਾ

ਹੰਡਿਆਇਆ, 13 ਸਤੰਬਰ (ਰਾਕੇਸ਼ ਜੇਠੀ):-ਅੱਜ ਦੇ ਸਮੇਂ ਵਿੱਚ ਜਿੱਥੇ ਕਿਸੇ ਦੀ ਗੁੰਮ ਹੋਈ ਕੀਮਤੀ ਵਸਤੂ ਮਿਲਣ ’ਤੇ ਲੋਕ ਉਸ ਨੂੰ ਆਪਣੇ ਕੋਲ ਰੱਖਣ ਬਾਰੇ ਸੋਚ ਸਕਦੇ ਹਨ, ਉੱਥੇ ਹੰਡਿਆਇਆ ਦੇ ਇੱਕ ਸਬਜ਼ੀ ਵਿਕਰੇਤਾ ਅਸ਼ਰਫ ਖਾਨ ਨੇ ਇਮਾਨਦਾਰੀ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ।
ਜਾਣਕਾਰੀ ਅਨੁਸਾਰ ਅਸ਼ਰਫ ਖਾਨ ਨੂੰ ਇੱਕ ਮੋਬਾਈਲ ਫੋਨ ਮਿਲਿਆ। ਉਨ੍ਹਾਂ ਨੇ ਫੋਨ ਆਪਣੇ ਕੋਲ ਰੱਖਣ ਦੀ ਬਜਾਏ ਇਸ ਦੇ ਅਸਲ ਮਾਲਕ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਆਈਏ ਸਟਾਫ ਦੀ ਮਦਦ ਲਈ ਅਤੇ ਪੁਲਿਸ ਦੀ ਸਹਾਇਤਾ ਨਾਲ ਮੋਬਾਈਲ ਫੋਨ ਦੇ ਅਸਲ ਮਾਲਕ ਦਾ ਪਤਾ ਲਗਾਇਆ।
ਅਸਲ ਮਾਲਕ ਦੀ ਪਛਾਣ ਹੋਣ ਉਪਰੰਤ ਅਸ਼ਰਫ ਖਾਨ ਨੇ ਮੋਬਾਈਲ ਫੋਨ ਉਸ ਨੂੰ ਸੌਂਪ ਦਿੱਤਾ। ਆਪਣੇ ਗੁੰਮ ਹੋਏ ਮੋਬਾਈਲ ਦੀ ਵਾਪਸੀ ’ਤੇ ਮਾਲਕ ਨੇ ਅਸ਼ਰਫ ਖਾਨ ਦਾ ਧੰਨਵਾਦ ਕੀਤਾ।
ਅਸ਼ਰਫ ਖਾਨ ਦੀ ਇਸ ਇਮਾਨਦਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਅੱਜ ਵੀ ਸਮਾਜ ਵਿੱਚ ਨੇਕੀ, ਇਮਾਨਦਾਰੀ ਅਤੇ ਇਨਸਾਨੀਅਤ ਜ਼ਿੰਦਾ ਹੈ। ਉਨ੍ਹਾਂ ਦੇ ਇਸ ਕਦਮ ਦੀ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।
