ਡੇਰਾ ਸ਼ਰਧਾਲੂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਨਹਿਰ ’ਚੋਂ ਜ਼ਿੰਦਾ ਕੱਢ ਕੇ ਬਚਾਈ ਕੀਮਤੀ ਜਾਨ

ਬਰਨਾਲਾ , 9 ਸਤੰਬਰ (ਰਾਕੇਸ਼ ਜੇਠੀ): ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਇੱਕ 65 ਸਾਲਾ ਬਿਰਧ ਔਰਤ ਲਈ ਭਦੌੜ ਦਾ ਡੇਰਾ ਸ਼ਰਧਾਲੂ ਮਸੀਹਾ ਬਣ ਕੇ ਬਹੁੜਿਆ। ਜਿਸਨੇ ਘਰੋਂ ਨਿਕਲ ਕੇ ਸ਼ਹਿਣਾ ਨੇੜਿਓਂ ਲੰਘਦੀ ਸਰਹਿੰਦ- ਬਠਿੰਡਾ ਬਰਾਂਚ ਨਹਿਰ ’ਚ ਛਾਲ ਮਾਰਨ ਵਾਲੀ ਬਿਰਧ ਔਰਤ ਨੂੰ ਹੋਰਨਾਂ ਦੀ ਮੱਦਦ ਨਾਲ ਆਪਣੀ ਜਾਨ ਖ਼ਤਰੇ ’ਚ ਪਾ ਕੇ ਸਹੀ- ਸਲਾਮਤ ਬਾਹਰ ਬਚਾ ਲਿਆ ।
ਅੱਜ ਦੇ ਇਸ ਭੌਤਿਕਵਾਦੀ ਤੇ ਸੋਸ਼ਲ ਮੀਡੀਆ ਦੇ ਦੌਰ ’ਚ ਜਿਥੇ ਲੋਕ ਹਾਦਸੇ ਸਮੇਂ ਮਦਦ ਕਰਨ ਦੀ ਬਜਾਏ ਮੋਬਾਇਲ ਫੋਨਾਂ ’ਤੇ ਵੀਡੀਓ ਬਣਾਉਣ ’ਚ ਮਸਰੂਫ ਸਨ। ਉੱਥੇ ਹੀ ਪ੍ਰਵੀਨ ਕੁਮਾਰ ਵਲੋਂ ਦਿਖਾਈ ਗਈ ਇਸ ਬਹਾਦਰੀ ਤੇ ਇਨਸਾਨੀਅਤ ਦੀ ਪੂਰੇ ਖੇਤਰ ’ਚ ਪ੍ਰਸ਼ੰਸਾ ਹੋ ਰਹੀ ਹੈ। ਘਟਨਾ ਦੇ ਪਿਛੋਕੜ ਬਾਰੇ ਦੱਸਦਿਆਂ ਪੀੜਤ ਔਰਤ ਦੇ ਪਤੀ ਰਤਨ ਸਿੰਘ ਬਾਬਾ ਵਾਸੀ ਭਦੌੜ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਵਿੰਦਰ ਕੌਰ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਸਿਵਲ ਹਸਪਤਾਲ ਬਰਨਾਲਾ ਤੋਂ ਲਗਾਤਾਰ ਦਵਾਈ ਚੱਲ ਰਹੀ ਹੈ। ਰਤਨ ਸਿੰਘ ਮੁਤਾਬਕ ਉਹ ਘਰੋਂ ਕਸਬੇ ਦੀ ਗੈਸ ਏਜੰਸੀ ਵਿਖੇ ਸਿਲੰਡਰ ਲੈਣ ਲਈ ਗਏ ਸਨ ਤੇ ਪਰਚੀ ਕਟਵਾ ਕੇ ਲਾਈਨ ’ਚ ਖੜ੍ਹੇ ਸਨ ਪਰ ਮਹਿਜ਼ ਅੱਧੇ ਘੰਟੇ ਦੇ ਅੰਦਰ-ਅੰਦਰ ਹੀ ਦਵਿੰਦਰ ਕੌਰ ਮਾਨਸਿਕ ਪ੍ਰੇਸ਼ਾਨੀ ਦੇ ਆਲਮ ’ਚ ਭਦੌੜ ਤੋਂ ਸ਼ਹਿਣਾ ਵੱਲ ਆਉਂਦੀ ਨਹਿਰ ਤੱਕ ਜਾ ਪਹੁੰਚੀ। ਜਿਥੇ ਉਹ ਨਹਿਰ ਦੇ ਤੇਜ਼ ਵਹਾਅ ’ਚ ਡਿੱਗ ਕੇ ਰੁੜ੍ਹਨ ਲੱਗੀ। ਜਦੋਂ 65 ਸਾਲਾ ਦਵਿੰਦਰ ਕੌਰ ਨਹਿਰ ’ਚ ਡੁੱਬਦੀ ਹੋਈ ਜ਼ਿੰਦਗੀ ਤੇ ਮੌਤ ਦੀ ਅਖੀਰਲੀ ਜੰਗ ਲੜ ਰਹੀ ਸੀ। ਉਸੇ ਸਮੇਂ ਡੇਰਾ ਸੱਚਾ ਸੌਦਾ ਦੀ ਇਕਾਈ ਬਲਾਕ ਤਪਾ-ਭਦੌੜ ਦੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਆਪਣੀ ਪਤਨੀ ਆਸ਼ਾ ਇੰਸਾਂ ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਟਰੇਨਿੰਗ ’ਤੇ ਹੈ, ਨੂੰ ਗੱਡੀ ’ਚ ਛੱਡਣ ਜਾ ਰਹੇ ਸਨ। ਸ਼ਹਿਣਾ ਨਹਿਰ ਦੇ ਪੁਲ ’ਤੇ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਜਦੋਂ ਪ੍ਰਵੀਨ ਕੁਮਾਰ ਨੇ ਗੱਡੀ ਰੋਕ ਕੇ ਦੇਖਿਆ ਤਾਂ ਇਕ ਬਜ਼ੁਰਗ ਔਰਤ ਨਹਿਰ ’ਚ ਰੁੜ ਰਹੀ ਸੀ। ਪ੍ਰਵੀਨ ਕੁਮਾਰ ਨੇ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ’ਚ ਛਾਲ ਮਾਰ ਦਿੱਤੀ। ਉਨ੍ਹਾਂ ਦਾ ਇਹ ਹੌਂਸਲਾ ਦੇਖ ਕੇ ਕੁਝ ਹੋਰ ਨੌਜਵਾਨ ਵੀ ਔਰਤ ਨੂੰ ਬਚਾਉਣ ਲਈ ਪਾਣੀ ’ਚ ਕੁੱਦ ਪਏ। ਸਖ਼ਤ ਮਿਹਨਤ ਤੋਂ ਬਾਅਦ ਦਵਿੰਦਰ ਕੌਰ ਨੂੰ ਨਹਿਰ ’ਚੋਂ ਬਾਹਰ ਕੱਢਿਆ। ਪੇਟ ’ਚ ਪਾਣੀ ਭਰ ਜਾਣ ਕਾਰਨ ਔਰਤ ਨੂੰ ਦੰਦਲ ਪੈ ਚੁੱਕੀ ਸੀ। ਪ੍ਰਵੀਨ ਕੁਮਾਰ ਦੀ ਪਤਨੀ ਆਸ਼ਾ ਇੰਸਾਂ ਨੇ ਤੁਰੰਤ ਸਮਝਦਾਰੀ ਵਰਤਦਿਆਂ ਔਰਤ ਦੀ ਦੰਦਲ ਖੋਲ੍ਹੀ ਤੇ ਉਸ ਨੂੰ ਸ਼ਹਿਣਾ ਦੇ ਇੱਕ ਨਿੱਜੀ ਡਾਕਟਰ ਤੋਂ ਮੁਢਲੀ ਸਹਾਇਤਾ ਦਿਵਾਈ। ਜਿੱਥੇ ਹੋਸ਼ ਆਉਣ ’ਤੇ ਔਰਤ ਨੇ ਆਪਣੇ ਪਰਿਵਾਰ ਬਾਰੇ ਦੱਸਿਆ, ਜਿਸ ਤੋਂ ਬਾਅਦ ਤੁਰੰਤ ਪਤੀ ਰਤਨ ਸਿੰਘ ਨਾਲ ਸੰਪਰਕ ਕੀਤਾ ਗਿਆ। ਮੁੱਢਲੇ ਇਲਾਜ ਤੋਂ ਬਾਅਦ ਪ੍ਰਵੀਨ ਕੁਮਾਰ ਇੰਸਾਂ ਨੇ ਦਵਿੰਦਰ ਕੌਰ ਨੂੰ ਬਿਹਤਰ ਦੇਖ- ਭਾਲ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਜਿਥੇ ਡਾਕਟਰਾਂ ਮੁਤਾਬਕ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮੌਕੇ ’ਤੇ ਪਹੁੰਚੇ ਪਤੀ ਰਤਨ ਸਿੰਘ ਬਾਬਾ ਨੇ ਡੇਰਾ ਸ਼ਰਧਾਲੂ ਪ੍ਰਵੀਨ ਕੁਮਾਰ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅੱਜ ਪ੍ਰਵੀਨ ਕੁਮਾਰ ਫਰਿਸ਼ਤਾ ਬਣ ਕੇ ਨਾ ਆਉਂਦਾ ਤਾਂ ਉਨ੍ਹਾਂ ਦਾ ਪਰਿਵਾਰ ਤਬਾਹ ਹੋ ਜਾਂਦਾ। ਉੱਥੇ ਹੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਸਵਾਰਥ ਮਾਨਵ ਸੇਵਾ ਕਰਨ ਦੀ ਇਹ ਪ੍ਰੇਰਨਾ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਮਿਲੀ ਹੈ।
