ਭਗਵਾਨ ਦੀ ਮੂਰਤੀ ਚੋਰੀ ਮਾਮਲੇ ’ਚ ਕਬਾੜੀਏ ਸਣੇ 5 ਗ੍ਰਿਫ਼ਤਾਰ

Prime Khabar Punjab Baljit CIA

ਚੋਰੀ ਦੇ ਸਾਮਾਨ ਸਮੇਤ ਖੰਡਿਤ ਮੂਰਤੀ ਬਰਾਮਦ, ਮੁੱਖ ਸਰਗਨਾ ਸਮੇਤ ਪੂਰੇ ਗਿਰੋਹ ਦਾ ਪਰਦਾਫਾਸ਼

ਬਰਨਾਲਾ, 13 ਸਤੰਬਰ(ਰਾਕੇਸ਼ ਜੇਠੀ):ਬਰਨਾਲਾ ਪੁਲਿਸ ਨੇ ਹੰਡਿਆਇਆ ਰੋਡ ਸਥਿਤ ਇੱਕ ਸ਼ੋਅਰੂਮ ’ਚ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਭਗਵਾਨ ਦੀ ਮੂਰਤੀ ਸਮੇਤ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਇੱਕ ਕਬਾੜੀਆ ਵੀ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਸਾਮਾਨ ਅਤੇ ਖੰਡਿਤ ਭਗਵਾਨ ਦੀ ਮੂਰਤੀ ਵੀ ਬਰਾਮਦ ਕਰ ਲਈ ਹੈ।

ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਜੋ ਰਾਸ਼ਟਰਪਤੀ ਮੈਡਲ ਵਿਜੇਤਾ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੰਡਿਆਇਆ ਰੋਡ ਸਥਿਤ ਆਰ.ਐੱਸ. ਐਂਟਰਪ੍ਰਾਈਜ਼ਿਜ਼ ਦੇ ਸ਼ੋਅਰੂਮ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਸੀ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਵਾਰਦਾਤ ਦੇ ਮੁੱਖ ਚੋਰ ਨੂੰ 24 ਘੰਟਿਆਂ ਦੇ ਅੰਦਰ ਹੀ ਕਾਬੂ ਕਰ ਲਿਆ।

ਮੁੱਢਲੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਚੋਰੀ ਦੇ ਪਿੱਛੇ ਸਰਗਰਮ ਪੂਰੇ ਗਿਰੋਹ ਦਾ ਪਰਦਾਫਾਸ਼ ਹੋ ਗਿਆ। ਜਾਂਚ ਦੌਰਾਨ ਪੁਲਿਸ ਨੇ ਕਬਾੜੀਏ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜੱਸੂ ਪੁੱਤਰ ਜਰਨੈਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਬਰਨਾਲਾ, ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਰਜਿੰਦਰ ਸਿੰਘ ਵਾਸੀ ਖੁੱਡੀ ਰੋਡ, ਬਰਨਾਲਾ, ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਪੁੱਤਰ ਬੂਟਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਹੰਡਿਆਇਆ ਰੋਡ, ਬਰਨਾਲਾ, ਪ੍ਰਵੀਨ ਕੁਮਾਰ ਪੁੱਤਰ ਸਰੂਪ ਚੰਦ ਵਾਸੀ ਗਲੀ ਨੰਬਰ 9, ਗੁਰੂ ਤੇਗ ਬਹਾਦਰ ਨਗਰ, ਬਰਨਾਲਾ ਅਤੇ ਰਾਜ ਕਬਾੜੀਆ ਪੁੱਤਰ ਮੱਖਣ ਸਿੰਘ, ਮੂਲ ਵਾਸੀ ਕਿਲਾ ਰਹਿਮਾਨਗੜ੍ਹ, ਮਲੇਰਕੋਟਲਾ, ਹਾਲ ਵਾਸੀ ਬਰਨਾਲਾ ਵਜੋਂ ਹੋਈ ਹੈ।

ਪੁਲਿਸ ਅਨੁਸਾਰ ਜਸਪ੍ਰੀਤ ਸਿੰਘ ਉਰਫ਼ ਜੱਸੂ ਇਸ ਮਾਮਲੇ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਚੋਰੀ ਕੀਤੀ ਗਈ ਭਗਵਾਨ ਦੀ ਮੂਰਤੀ ਨੂੰ ਮੁਲਜ਼ਮਾਂ ਨੇ ਕਬਾੜੀਏ ਰਾਜ ਕਬਾੜੀਏ ਨੂੰ ਵੇਚ ਦਿੱਤਾ ਸੀ। ਰਾਜ ਕਬਾੜੀਏ ਨੇ ਮੂਰਤੀ ਆਪਣੇ ਕੋਲ ਕਰੀਬ ਦੋ ਦਿਨ ਰੱਖਣ ਤੋਂ ਬਾਅਦ ਉਸੇ ਚੋਰ ਨੂੰ ਵਾਪਸ ਕਰ ਦਿੱਤੀ ਸੀ।

ਰਿਮਾਂਡ ਦੌਰਾਨ ਹੋਈ ਬਰਾਮਦਗੀ

ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਅਤੇ ਨਿਸ਼ਾਨਦੇਹੀ ’ਤੇ ਪੁਲਿਸ ਨੇ ਚੋਰੀ ਕੀਤਾ ਕਾਫ਼ੀ ਸਾਮਾਨ ਬਰਾਮਦ ਕੀਤਾ ਹੈ।

ਬਰਾਮਦ ਸਾਮਾਨ ਵਿੱਚ ਚੋਰੀ ਹੋਈ ਭਗਵਾਨ ਦੀ ਖੰਡਿਤ ਮੂਰਤੀ, ਇੱਕ ਏ.ਸੀ., ਇੱਕ ਐੱਲ.ਈ.ਡੀ., ਦੋ ਲੈਪਟਾਪ, ਇੱਕ ਹੀਰੋ ਹਾਂਡਾ ਮੋਟਰਸਾਈਕਲ, ਦੋ ਗ੍ਰਾਈਂਡਰ ਅਤੇ ਦੋ ਸਮਾਰਟ ਘੜੀਆਂ ਸ਼ਾਮਲ ਹਨ। ਪੁਲਿਸ ਵੱਲੋਂ ਬਰਾਮਦ ਸਾਮਾਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।

ਮੂਰਤੀ ਖੰਡਿਤ ਕਰਨ ਦੀ ਧਾਰਾ ਵੀ ਜੋੜੀ

ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਦਰਜ ਚੋਰੀ ਦੇ ਮਾਮਲੇ ਵਿੱਚ ਜਾਂਚ ਦੇ ਆਧਾਰ ’ਤੇ ਹੋਰ ਕਾਨੂੰਨੀ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਭਗਵਾਨ ਦੀ ਮੂਰਤੀ ਖੰਡਿਤ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਕਾਨੂੰਨੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ।

ਬਰਨਾਲਾ ਪੁਲਿਸ ਦੀ ਇਸ ਕਾਰਵਾਈ ਨਾਲ ਨਾ ਸਿਰਫ਼ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ਵਿੱਚ ਸਫ਼ਲਤਾ ਮਿਲੀ ਹੈ, ਸਗੋਂ ਪੁਲਿਸ ਨੇ ਮਾਮਲੇ ਨਾਲ ਜੁੜੇ ਕਥਿਤ ਪੂਰੇ ਗਿਰੋਹ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਗਿਰੋਹ ਵੱਲੋਂ ਇਸ ਤੋਂ ਪਹਿਲਾਂ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਚੋਰੀ ਦੇ ਸਾਮਾਨ ਦੀ ਖਰੀਦ-ਫ਼ਰੋਖ਼ਤ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ।

About The Author