ਕੋਠੇ ਸਰਾਂ ’ਚ ਟਰਾਂਸਫਾਰਮਰਾਂ ’ਚੋਂ ਮੁੜ ਤੇਲ ਚੋਰੀ, ਲੋਕਾਂ ’ਚ ਰੋਸ

PrimekhabarPunjab Sran Kothe

ਪਹਿਲੀ ਵਾਰ 340 ਲੀਟਰ ਤੇਲ ਚੋਰੀ ਹੋਣ ਦੇ ਬਾਵਜੂਦ ਨਹੀਂ ਹੋਈ ਠੋਸ ਕਾਰਵਾਈ, 7 ਸਤੰਬਰ ਨੂੰ ਮੋਟਰ ਦੀ ਕੇਬਲ ਵੀ ਲੈ ਗਏ ਚੋਰ

ਹੰਡਿਆਇਆ, 9 ਸਤੰਬਰ(ਰਾਕੇਸ਼ ਜੇਠੀ): ਹੰਡਿਆਇਆ ਦੇ ਕੋਠੇ ਸਰਾਂ ਵਿਖੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਵਾਰਦਾਤਾਂ ’ਤੇ ਸਮੇਂ ਸਿਰ ਠੋਸ ਕਾਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਠੇ ਸਰਾਂ ਦੇ ਦਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ 27 ਅਗਸਤ 2026 ਦੀ ਰਾਤ ਨੂੰ ਕੋਠੇ ਸਰਾਂ ਵਿਖੇ ਤਿੰਨ ਬਿਜਲੀ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਅਨੁਸਾਰ ਇਨ੍ਹਾਂ ਤਿੰਨ ਟਰਾਂਸਫਾਰਮਰਾਂ ਵਿੱਚੋਂ ਕਰੀਬ 340 ਲੀਟਰ ਤੇਲ ਚੋਰੀ ਹੋਇਆ ਸੀ, ਜਿਸ ਦੀ ਮਾਰਕੀਟ ਕੀਮਤ ਲਗਭਗ 68 ਹਜ਼ਾਰ ਰੁਪਏ ਬਣਦੀ ਹੈ। ਇਸ ਘਟਨਾ ਸਬੰਧੀ ਬਿਜਲੀ ਬੋਰਡ ਬਰਨਾਲਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ।
ਦਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਹਿਲੀ ਚੋਰੀ ਤੋਂ ਬਾਅਦ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਚੋਰੀ ਦੀ ਇਸ ਘਟਨਾ ਨਾਲ ਸਬੰਧਤ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਦੌਰਾਨ 4 ਸਤੰਬਰ 2026 ਨੂੰ ਚੋਰਾਂ ਨੇ ਮੁੜ ਉਨ੍ਹਾਂ ਹੀ ਤਿੰਨ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਵਿੱਚੋਂ ਤੇਲ ਚੋਰੀ ਕਰ ਲਿਆ। ਦੂਜੀ ਵਾਰ ਚੋਰੀ ਕੀਤੇ ਗਏ ਤੇਲ ਦੀ ਕੀਮਤ ਵੀ ਕਰੀਬ 68 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਇੱਕੋ ਥਾਂ ’ਤੇ ਇੱਕੋ ਤਰ੍ਹਾਂ ਦੀ ਚੋਰੀ ਦੀ ਘਟਨਾ ਮੁੜ ਵਾਪਰਨ ਕਾਰਨ ਕੋਠੇ ਸਰਾਂ ਦੇ ਨਿਵਾਸੀਆਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ 27 ਅਗਸਤ ਨੂੰ ਹੋਈ ਪਹਿਲੀ ਤੇਲ ਚੋਰੀ ਤੋਂ ਬਾਅਦ ਜੇਕਰ ਪੁਲਿਸ ਵੱਲੋਂ ਪੁਖਤਾ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਚੋਰਾਂ ਨੂੰ ਦੂਜੀ ਵਾਰ ਉਸੇ ਥਾਂ ’ਤੇ ਚੋਰੀ ਕਰਨ ਦੀ ਹਿੰਮਤ ਨਾ ਹੁੰਦੀ। ਲੋਕਾਂ ਨੇ ਦੋਸ਼ ਲਾਇਆ ਕਿ ਪਹਿਲੀ ਘਟਨਾ ਦੇ ਬਾਵਜੂਦ ਚੋਰਾਂ ਨੂੰ ਕਾਬੂ ਨਾ ਕੀਤੇ ਜਾਣ ਕਾਰਨ ਉਨ੍ਹਾਂ ਦੇ ਹੌਸਲੇ ਹੋਰ ਵਧ ਗਏ ਅਤੇ ਉਨ੍ਹਾਂ ਨੇ ਮੁੜ ਉਹੀ ਟਰਾਂਸਫਾਰਮਰ ਨਿਸ਼ਾਨਾ ਬਣਾ ਲਏ।
ਇਸ ਤੋਂ ਇਲਾਵਾ 7 ਸਤੰਬਰ 2026 ਨੂੰ ਕੋਠੇ ਸਰਾਂ ਦੇ ਸੈਲਰਾਂ ਦੇ ਪਿੱਛੇ ਪੈਂਦੇ ਖੇਤਾਂ ਵਿੱਚ ਲੱਗੀ ਮੋਟਰ ਦੀ ਕੇਬਲ ਤਾਰ ਵੀ ਚੋਰੀ ਕਰ ਲਈ ਗਈ। ਲਗਾਤਾਰ ਹੋ ਰਹੀਆਂ ਇਨ੍ਹਾਂ ਚੋਰੀਆਂ ਕਾਰਨ ਇਲਾਕੇ ਦੇ ਲੋਕਾਂ ਵਿੱਚ ਆਪਣੇ ਖੇਤਾਂ, ਬਿਜਲੀ ਦੇ ਸਾਮਾਨ ਅਤੇ ਹੋਰ ਸੰਪਤੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਕੋਠੇ ਸਰਾਂ ਦੇ ਵਸਨੀਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰੀ ਦੀਆਂ ਵਾਰਦਾਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ, ਤਾਂ ਜੋ ਲੋਕਾਂ ਵਿੱਚ ਪੈਦਾ ਹੋਇਆ ਡਰ ਖ਼ਤਮ ਹੋ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਰੁਪਿੰਦਰ ਸਿੰਘ ਤੋਂ ਇਲਾਵਾ ਕੋਠੇ ਸਰਾਂ ਦੇ ਹੋਰ ਵਸਨੀਕ ਵੀ ਹਾਜ਼ਰ ਸਨ।

About The Author