ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਪੁਸਤਕ ਰਿਲੀਜ਼

PrimekhabarPunjab Buta

ਬਰਨਾਲਾ,16ਅਗਸਤ (ਰਾਕੇਸ਼ ਜੇਠੀ)-, ਸਾਹਿਤ ਸਰਵਰ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਕੀਤੀ ਪੁਸਤਕ ‘ਅਜੀਬ ਪਾਤਰਾਂ ਦੀ ਦਾਸਤਾਨ ‘ ਰਾਮ ਸਰੂਪ ਅਣਖੀ ਮਿਊਜਮ ਵਿਖੇ ਰਿਲੀਜ਼ ਕੀਤੀ । ਇਹ ਰਸਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ ਕ੍ਰਾਂਤੀ ਪਾਲ ਨੇ ਅਦਾ ਕੀਤੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਪੁਸਤਕ ਨੇ ਪੰਜਾਬੀ ਸਾਹਿਤ ਵਿਚ ਲੱਗੀਆਂ ਬਰੇਕਾਂ ਨੂੰ ਤੋੜਿਆ ਹੈ ਲੰਮੇ ਸਮੇਂ ਤੋਂ ਪੰਜਾਬੀ ਅਦਬ ਨੂੰ ਬਰੇਕ ਲੱਗ ਚੁੱਕੇ ਸਨ। ਕੁਝ ਵੀ ਨਵਾਂ ਤੇ ਆਪਣੇਪਣ ਵਰਗਾ ਸਾਹਿਤ ਮਿਲਣਾ ਅਸੰਭਵ ਹੋ ਗਿਆ ਸੀ। ਪਰ ਇਸ ਪੁਸਤਕ ਦੀ ਆਮਦ ਨੇ ਨਵਾਂ ਸਰੂਰ ਚਾੜ੍ਹਿਆ ਹੈ।
ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੁਸਤਕ ਵਿਚਲੇ ਲੇਖਾਂ ਨੂੰ ਸੀਰਤਨਾਮੇ ਦਾ ਨਾਮ ਦਿੱਤਾ ਗਿਆ ਹੈ। ਸੀਰਤਨਾਮਾ ਨਾਵਲ ਤੇ ਕਹਾਣੀ ਵਾਂਗ ਬਿਰਤਾਂਤਕ ਸ਼ੈਲੀ ਵਿਚ ਲਿਖਿਆ ਜਾਂਦਾ ਹੈ।
ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਮੇਰੀ ਪੰਜਵੀਂ ਸੰਪਾਦਿਤ ਪੁਸਤਕ ਹੈ। ਇਸ ਤੋਂ ਪਹਿਲਾਂ ਮੈਂ ਰਾਮ ਸਰੂਪ ਅਣਖੀ, ਬੂਟਾ ਸਿੰਘ ਸ਼ਾਦ, ਮਿਹਰ ਮਿੱਤਲ ਤੇ ਦਲਿਤ ਮਾਵਾਂ ਬਾਰੇ ਪੁਸਤਕ ਸੰਪਾਦਿਤ ਕਰ ਚੁੱਕਿਆ ਹਾਂ। ਇਸ ਪੁਸਤਕ ਵਿਚ ਵਿਲੱਖਣ ਕਿਸਮ ਦੇ ਪਾਤਰਾਂ ਬਾਰੇ ਵੱਖ ਵੱਖ ਲੇਖਕਾਂ ਦੇ ਲਿਖੇ ਹੋਏ ਸੀਰਤਨਾਮੇ ਸ਼ਾਮਿਲ ਕੀਤੇ ਗਏ ਹਨ।
ਇਸ ਮੌਕੇ ਰਾਮ ਸਰੂਪ ਸ਼ਰਮਾ, ਲਛਮਣ ਦਿਸ ਮੁਸਾਫ਼ਿਰ, ਰਘਬੀਰ ਸਿੰਘ ਗਿੱਲ ਅਤੇ ਡਾ ਜਸਵੀਰ ਕੌਰ ਵੀ ਹਾਜ਼ਰ ਸਨ।

About The Author