‘ਇੰਸਾਂ’ ਨੇ ਆਪਣੇ ਸਤਿਗੁਰੂ ਦੇ ਜਨਮ ਦਿਹਾੜੇ ’ਤੇ ਧਰਤੀ ਨੂੰ ‘ਹਰਿਆਲੀ’ ਨਾਲ ਸਜਾਇਆ

ਜ਼ਿਲ੍ਹੇ ਦੇ ਬਲਾਕ ਬਰਨਾਲਾ, ਮਹਿਲ ਕਲਾਂ, ਤਪਾ- ਭਦੌੜ ਤੇ ਧਨੌਲਾ ਦੀ ਸਾਧ ਸੰਗਤ ਨੇ ਆਪਣੇ ਘਰਾਂ ਤੇ ਜਨਤਕ ਥਾਵਾ ’ਤੇ 8700 ਤੋਂ ਵੱਧ ਪੌਦੇ ਲਾਏ
ਬਰਨਾਲਾ,14 ਅਗਸਤ(ਰਾਕੇਸ਼ ਜੇਠੀ)- ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਪਾਕ- ਪਵਿੱਤਰ ਅਵਤਾਰ ਦਿਹਾੜਾ ਜ਼ਿਲ੍ਹਾ ਬਰਨਾਲਾ ਦੀ ਸਮੂਹ ਸਾਧ ਸੰਗਤ ਵੱਲੋਂ ਵਾਤਾਵਰਣ ਦੇ ਹਿੱਤ ਵਿੱਚ ਬੇਹੱਦ ਸਲਾਘਾਯੋਗ ਕਾਰਜ਼ ਕਰਕੇ ਮਨਾਇਆ ਗਿਆ। ਇਸ ਕਾਰਜ਼ ਵਿੱਚ ਬੱਚੇ, ਜਵਾਨ, ਬਜ਼ੁਰਗਾਂ ਤੋਂ ਇਲਾਵਾ ਹਰ ਉਮਰ ਦੀਆਂ ਮਾਤਾਵਾਂ- ਭੈਣਾਂ ਨੇ ਵੀ ਵੱਖਰੇ ਤੌਰ ’ਤੇ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਮਰ ਸੇਵਾਦਾਰ ਸੰਜੀਵ ਇੰਸਾਂ, ਸੁਖਪਾਲ ਇੰਸਾਂ ਤੇ ਰਾਜ਼ਨ ਇੰਸਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਾਧ ਸੰਗਤ ਵੱਲੋਂ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਆਗਮਨ ਦਿਵਸ ਇਸ ਵਾਰ ਵੀ ਹਜ਼ਾਰਾਂ ਫ਼ਲ, ਫ਼ੁੱਲ ਤੇ ਛਾਂਦਾਰ ਪੌਦੇ ਲਗਾਕੇ ਜੋਸ਼ੋ- ਖਰੋਸ਼ ਨਾਲ ਮਨਾਇਆ ਗਿਆ ਹੈ। ਕਿਉਂਕਿ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਪਵਿੱਤਰ ਜਨਮ ਦਿਹਾੜੇ (15 ਅਗਸਤ) ’ਤੇ ਕਿਸੇ ਤਰ੍ਹਾਂ ਦਾ ਤੋਹਫ਼ਾ ਲੈਣ ਦੀ ਬਜਾਇ ਸਾਧ ਸੰਗਤ ਨੂੰ ਆਪੋ- ਆਪਣੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸ ’ਤੇ ਚੱਲਦਿਆਂ ਬਲਾਕ ਬਰਨਾਲਾ, ਮਹਿਲ ਕਲਾਂ, ਤਪਾ- ਭਦੌੜ ਤੇ ਧਨੌਲਾ ਦੀ ਸਾਧ ਸੰਗਤ ਨੇ ਧਰਤੀ ਨੂੰ ਹਰਿਆਲੀ ਨਾਲ ਸਜਾਉਣ ਦੇ ਉਪਰਾਲੇ ਤਹਿਤ ਜ਼ਿਲ੍ਹੇ ਭਰ ਵਿੱਚ 8730 ਪੌਦੇ ਲਾਏ ਹਨ। ਜਿਸ ਨਾਲ ਨਾ ਸਿਰਫ਼ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ’ਚ ਵੱਡੀ ਮੱਦਦ ਮਿਲੇਗੀ, ਸਗੋਂ ਆਲਾ- ਦੁਆਲਾ ਹਰਿਆ- ਭਰਿਆ ਤੇ ਮਨਮੋਹਕ ਵੀ ਬਣੇਗਾ। ਉਨ੍ਹਾਂ ਕਿਹਾ ਕਿ ਇੱਕ ਸੱਚੇ ਸੰਤ ਦਾ ਹਰ ਕਰਮ ਸਮੁੱਚੀ ਖ਼ਲਕਤ ਦੇ ਭਲ੍ਹੇ ਵਾਲਾ ਹੁੰਦਾ ਹੈ। ਜਿਸ ਦਾ ਪ੍ਰਮਾਣ ਪੂਜਨੀਕ ਗੁਰੂ ਜੀ ਦੀ ਉਕਤ ਪ੍ਰੇਰਣਾ ਤੋਂ ਵੀ ਬਾਖੂਬੀ ਮਿਲਦਾ ਹੈ। ਜਿਸ ’ਤੇ ਸਾਧ ਸੰਗਤ ਪਿਛਲੇ ਕਈ ਸਾਲਾਂ ਤੋਂ ਠੋਕ ਕੇ ਪਹਿਰਾ ਦਿੰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਵਨ ਅਵਤਾਰ ਦਿਹਾੜੇ ਨੂੰ ਮੁੱਖ ਰੱਖ ਕੇ ਲਾਏ ਗਏ ਇੰਨ੍ਹਾਂ ਪੌਦਿਆਂ ਦੀ ਸਾਧ ਸੰਗਤ ਦੁਆਰਾ ਆਪਣੇ ਬੱਚਿਆਂ ਵਾਂਗ ਸਾਂਭ- ਸੰਭਾਲ ਕੀਤੀ ਜਾਂਦੀ ਹੈ ਅਤੇ ਦਰਖ਼ਤ ਬਣਨ ’ਤੇ ਇੰਨਾਂ ਨੂੰ ਜ਼ਮੀਨ ਮਾਲਕ ਨੂੰ ਸੌਂਪ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਪੌਦਿਆਂ ਦੀ ਸਾਂਭ- ਸੰਭਾਲ ’ਤੇ ਕੀਤਾ ਜਾਣ ਵਾਲਾ ਸਾਰਾ ਖ਼ਰਚ ਵੀ ਸਾਧ ਸੰਗਤ ਆਪਣੇ ਪੱਲਿਓਂ ਕਰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਧ ਸੰਗਤ ਵੱਲੋਂ ਹਰ ਦੁੱਖ- ਸੁੱਖ ਸਮੇਂ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ ਮਾਨਵਤਾ ਦੇ ਭਲ੍ਹੇ ਦੇ ਕਾਰਜ਼ ਕੀਤੇ ਜਾਂਦੇ ਹਨ। ਜਿੰਨ੍ਹਾਂ ਵਿੱਚ ਮਰਨ ਉਪਰੰਤ ਮ੍ਰਿਤਕ ਦਾ ਸਰੀਰ ਤੇ ਅੱਖਾਂ ਦਾਨ ਕਰਨਾ, ਲੋੜਵੰਦਾਂ ਦੇ ਬੱਚਿਆਂ ਦੇ ਵਿਆਹ ਕਰਵਾਉਣੇ, ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਰਾਸ਼ਨ ਦੇਣਾ ਤੇ ਮਕਾਨ ਬਣਾ ਕੇ ਦੇਣ ਤੋਂ ਇਲਾਵਾ ਸਮੇਂ ਸਮੇਂ ’ਤੇ ਸਮਾਜ ਅੰਦਰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕਤਾ ਮੁਹਿੰਮਾਂ ਚਲਾਉਣਾ ਮੁੱਖ ਤੌਰ ’ਤੇ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਬਲਾਕ ਬਰਨਾਲਾ ਵੱਲੋਂ 1730, ਮਹਿਲ ਕਲਾਂ ਵੱਲੋਂ 2600, ਤਪਾ- ਭਦੌੜ 3200 ਤੇ ਧਨੌਲਾ ਦੀ ਸਾਧ ਸੰਗਤ ਵੱਲੋਂ 1200 ਪੌਦੇ ਲਾਏ ਗਏ ਹਨ।
ਜ਼ਜਬੇ ਅੱਗੇ ਹਾਰੀ ਤਪਸ-
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਭਾਵੇਂ ਡੇਰਾ ਪ੍ਰੇਮੀਆਂ ਵੱਲੋਂ ਪੌਦੇ ਲਗਾਉਣ ਲਈ ਸਵੇਰ ਦਾ ਸਮਾਂ ਚੁਣਿਆ ਗਿਆ ਸੀ ਪਰ ਇਸ ਸਮੇਂ ਵੀ ਸੂਰਜ ਦੀ ਤਪਸ ਪਿੰਡਾ ਸਾੜ ਰਹੀ ਸੀ। ਬਾਵਜੂਦ ਇਸਦੇ ਆਪਣੇ ਗੁਰੂ- ਮੁਰਸਿਦ ਦੇ ਪਿਆਰ ’ਚ ਮਸ਼ਤ ਡੇਰਾ ਪ੍ਰੇਮੀ ਤਿੱਖੀ ਧੁੱਪ ’ਚ ਪੌਦੇ ਲਗਾਉਣ ਵਿੱਚ ਜੁਟੇ ਰਹੇ। ਜਿੰਨ੍ਹਾਂ ਦੀ ਆਪਣੇ ਗੁਰੂ- ਮੁਰਸਿਦ ਪ੍ਰਤੀ ਅਟੁੱਟ ਸ਼ਰਧਾ- ਭਾਵਨਾ ਤੇ ਸਮਾਜ ਸੇਵਾ ਦੇ ਜ਼ਜਬੇ ਅੱਗੇ ਸੂਰਜ ਦੀ ਤਪਸ ਵੀ ਹਾਰਦੀ ਨਜ਼ਰ ਆਈ।

‘ਜ਼ਜਬਾ ਕਾਬਿਲ- ਏ- ਤਾਰੀਫ਼’
ਡੇਰਾ ਪ੍ਰੇਮੀਆਂ ਦੇ ਇਸ ਕਾਰਜ਼ ਦੀ ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮ.ਡੀ. ਸ਼ਿਵ ਸਿੰਗਲ, ਜਗਰਾਜ ਸਿੰਘ (ਕਲੋਨੀ ਪ੍ਰਧਾਨ), ਹਰਬਖ਼ਸੀਸ ਸਿੰਘ (ਜ਼ਿਲ੍ਹਾ ਮੀਤ ਪ੍ਰਧਾਨ, ਭਾਜਪਾ) ਤੇ ਕੰਵਲਜੀਤ ਸਿੰਘ ਸੀਤਲ (ਚੇਅਰਮੈਨ ਵਿਕਾਸ ਬੋਰਡ, ਆਪ) ਨੇ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਲਈ ਤਾਂ ਹਰ ਕੋਈ ਕਰਮ ਕਰਦਾ ਹੈ ਪਰ ਦੂਸਰਿਆਂ ਦੇ ਭਲ੍ਹੇ ਵਾਸਤੇ ਵੀ ਇੰਨ੍ਹਾਂ ਡੇਰਾ ਪ੍ਰੇਮੀਆਂ ਦਾ ਜ਼ਜਬਾ ਕਾਬਿਲ- ਏ- ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖ਼ਤਾ ਅਤੇ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣੇ ਬੇਹੱਦ ਜ਼ਰੂਰੀ ਹਨ।
