ਪੰਜਾਬ ਵਿੱਚ SIR ਤੋਂ ਬਾਅਦ ਡਰਾਫਟ ਵੋਟਰ ਸੂਚੀ ਜਾਰੀ, 20.66 ਲੱਖ ਨਾਮ ਹੋਏ ਬਾਹਰ—ਇੰਝ ਘਰ ਬੈਠੇ ਕਰੋ ਚੈੱਕ

images (1)

ਚੰਡੀਗੜ੍ਹ,14ਅਗਸਤ (ਰਾਕੇਸ਼ ਜੇਠੀ): ਪੰਜਾਬ ਵਿੱਚ ਵੋਟਰ ਸੂਚੀਆਂ ਦੀ Special Intensive Revision (SIR) ਦਾ ਦੂਜਾ ਦੌਰ ਸ਼ੁਰੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਡਰਾਫਟ ਵੋਟਰ ਸੂਚੀ 2026 ਜਾਰੀ ਕਰ ਦਿੱਤੀ ਗਈ ਹੈ। ਹੁਣ ਪੰਜਾਬ ਦੇ ਵੋਟਰ ਘਰ ਬੈਠੇ ਹੀ ਆਨਲਾਈਨ ਜਾਂਚ ਸਕਦੇ ਹਨ ਕਿ ਉਨ੍ਹਾਂ ਦਾ ਨਾਮ ਨਵੀਂ ਡਰਾਫਟ ਵੋਟਰ ਸੂਚੀ ਵਿੱਚ ਮੌਜੂਦ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ SIR ਦੌਰਾਨ ਕਿਸੇ ਕਾਰਨ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਹਟਾਇਆ ਤਾਂ ਨਹੀਂ ਗਿਆ।
20.66 ਲੱਖ ਤੋਂ ਵੱਧ ਵੋਟਰ ਡਰਾਫਟ ਸੂਚੀ ਵਿੱਚ ਨਹੀਂ
ਚੋਣ ਵਿਭਾਗ ਮੁਤਾਬਕ SIR ਤੋਂ ਬਾਅਦ ਪੰਜਾਬ ਵਿੱਚ ਕੁੱਲ 20,66,635 ਵੋਟਰਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਨ੍ਹਾਂ ਵਿੱਚ ਲਗਭਗ 9.44 ਲੱਖ ਵੋਟਰ ਪੰਜਾਬ ਤੋਂ ਪੱਕੇ ਤੌਰ ’ਤੇ ਬਾਹਰ ਸ਼ਿਫਟ ਹੋ ਚੁੱਕੇ, ਕਰੀਬ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ, ਜਦਕਿ ਲਗਭਗ 4.12 ਲੱਖ ਵੋਟਰ ਟ੍ਰੇਸ ਨਹੀਂ ਹੋ ਸਕੇ। ਇਸ ਤੋਂ ਇਲਾਵਾ ਕਰੀਬ 1.19 ਲੱਖ ਡੁਪਲੀਕੇਟ ਜਾਂ ਕਿਸੇ ਹੋਰ ਥਾਂ ਦਰਜ ਵੋਟਰ ਵੀ ਸਾਹਮਣੇ ਆਏ ਹਨ।


ਤਿੰਨ ਅਹਿਮ ਲਿੰਕਾਂ ਰਾਹੀਂ ਮਿਲੇਗੀ ਜਾਣਕਾਰੀ
CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ www.ceopunjab.gov.in ’ਤੇ SIR ਨਾਲ ਸਬੰਧਤ ਤਿੰਨ ਮਹੱਤਵਪੂਰਨ ਲਿੰਕ ਉਪਲਬਧ ਹਨ:
ASDD List: ਇਸ ਸੂਚੀ ਵਿੱਚ ਉਨ੍ਹਾਂ ਵੋਟਰਾਂ ਦੀ ਜਾਣਕਾਰੀ ਹੈ ਜਿਨ੍ਹਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਗਏ।
Draft Roll 2026: ਇਸ ਰਾਹੀਂ 2026 ਦੀ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੋਟਰ ਵੇਰਵੇ ਚੈੱਕ ਕੀਤੇ ਜਾ ਸਕਦੇ ਹਨ।
Search List SIR 2003: ਇਸ ਲਿੰਕ ਰਾਹੀਂ 2003 ਦੀ ਪੁਰਾਣੀ ਵੋਟਰ ਸੂਚੀ ਵਿੱਚ ਆਪਣਾ ਨਾਮ ਖੋਜਿਆ ਜਾ ਸਕਦਾ ਹੈ।
ਘਰ ਬੈਠੇ ਇੰਝ ਚੈੱਕ ਕਰੋ ਆਪਣਾ ਨਾਮ
ਡਰਾਫਟ ਵੋਟਰ ਸੂਚੀ ਵਿੱਚ ਨਾਮ ਦੇਖਣ ਲਈ ਸਭ ਤੋਂ ਪਹਿਲਾਂ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ www.ceopunjab.gov.in ਖੋਲ੍ਹੋ। ਇਸ ਤੋਂ ਬਾਅਦ ਹੋਮ ਪੇਜ ’ਤੇ “Draft Roll 2026” ਵਾਲੇ ਵਿਕਲਪ ’ਤੇ ਕਲਿੱਕ ਕਰੋ।
ਫਿਰ ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣੋ ਅਤੇ ਕੈਪਚਾ ਦਰਜ ਕਰੋ। ਇਸ ਤੋਂ ਬਾਅਦ ਭਾਗ ਨੰਬਰ ਅਤੇ ਭਾਗ ਦੇ ਨਾਮ ਮੁਤਾਬਕ ਵੋਟਰ ਸੂਚੀ ਦੀ PDF ਡਾਊਨਲੋਡ ਕਰੋ। PDF ਖੋਲ੍ਹ ਕੇ ਆਪਣਾ ਨਾਮ, ਵੋਟਰ ਵੇਰਵੇ ਅਤੇ ਹੋਰ ਜਾਣਕਾਰੀ ਧਿਆਨ ਨਾਲ ਚੈੱਕ ਕਰੋ।
ਨਾਮ ਗਾਇਬ ਹੈ ਤਾਂ ਘਬਰਾਉਣ ਦੀ ਲੋੜ ਨਹੀਂ
ਚੋਣ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਯੋਗ ਵੋਟਰ ਗਲਤੀ ਨਾਲ ਡਰਾਫਟ ਸੂਚੀ ਵਿੱਚੋਂ ਰਹਿ ਗਿਆ ਹੈ, ਤਾਂ ਉਹ ਆਪਣਾ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕਦਾ ਹੈ। ਇਸ ਲਈ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਯੋਗ ਵੋਟਰ ਨਾਮ ਸ਼ਾਮਲ ਕਰਵਾਉਣ ਲਈ ਨਿਰਧਾਰਤ ਪ੍ਰਕਿਰਿਆ ਤਹਿਤ Form-6 ਵੀ ਭਰ ਸਕਦਾ ਹੈ।
16 ਅਗਸਤ ਨੂੰ ਲੱਗਣਗੇ ਵਿਸ਼ੇਸ਼ ਕੈਂਪ
ਵੋਟਰਾਂ ਦੀ ਸਹੂਲਤ ਲਈ 16 ਅਗਸਤ 2026 ਨੂੰ ਪੰਜਾਬ ਭਰ ਵਿੱਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਲੋਕ ਆਪਣਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਚੈੱਕ ਕਰਵਾ ਸਕਣਗੇ ਅਤੇ ਜੇ ਨਾਮ ਸੂਚੀ ਵਿੱਚ ਨਹੀਂ ਹੈ ਤਾਂ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਇਸ ਲਈ ਹਰ ਯੋਗ ਵੋਟਰ ਲਈ ਜ਼ਰੂਰੀ ਹੈ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰੇ। ਜੇ ਨਾਮ ਨਹੀਂ ਹੈ ਤਾਂ ਨਿਰਧਾਰਤ ਸਮੇਂ ਅੰਦਰ ਦਾਅਵਾ ਦਰਜ ਕਰਵਾ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ।

About The Author