ਮਾਂ ਦੀ ਯਾਦ ਨੂੰ ਸੇਵਾ ਨਾਲ ਕੀਤਾ ਅਮਰ, ਸਰਕਾਰੀ ਸਕੂਲ ਨੂੰ ਫਰਿੱਜ ਦਾਨ ਕਰਕੇ ਪੇਸ਼ ਕੀਤੀ ਮਿਸਾਲ

PrimeKhabarPunjab Fridge

ਧੂਰਕੋਟ, 30ਮਈ(ਰਾਕੇਸ਼ ਜੇਠੀ) – ਇਨਸਾਨ ਦੀ ਅਸਲ ਪਛਾਣ ਉਸ ਦੇ ਕੀਤੇ ਨੇਕ ਕੰਮਾਂ ਨਾਲ ਹੁੰਦੀ ਹੈ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਪਿੰਡ ਧੂਰਕੋਟ ਦੇ ਵਸਨੀਕ ਜਸਕਰਨ ਸਿੰਘ ਪੁੱਤਰ ਭਗਵਾਨ ਸਿੰਘ ਨੇ ਆਪਣੀ ਸਵਰਗਵਾਸੀ ਮਾਤਾ ਹਰਬੰਸ ਕੌਰ ਦੀ ਪਵਿੱਤਰ ਯਾਦ ਵਿੱਚ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪਿਰਥਾ ਪੱਤੀ ਧੂਰਕੋਟ (ਬਰਨਾਲਾ) ਵਿਖੇ ਮਿਡ-ਡੇ ਮੀਲ ਖਾਣੇ ਦੀ ਸੰਭਾਲ ਲਈ ਇੱਕ ਫਰਿੱਜ ਦਾਨ ਕੀਤਾ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅੰਗਰੇਜ਼ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਅਜਿਹੇ ਦਾਨੀ ਸੱਜਣ ਹੀ ਸਿੱਖਿਆ ਸੰਸਥਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਫਰਿੱਜ ਮਿਲਣ ਨਾਲ ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਸੰਭਾਲ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ, ਜਿਸ ਦਾ ਸਿੱਧਾ ਲਾਭ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੇਗਾ।
ਸਮਾਗਮ ਦੌਰਾਨ ਮਾਸਟਰ ਜਸਵਿੰਦਰ ਸਿੰਘ, ਮਾਸਟਰ ਬਲਜੀਤ ਸਿੰਘ, ਚਮਕੌਰ ਸਿੰਘ ਧਾਲੀਵਾਲ ਅਤੇ ਸਮੂਹ ਸਕੂਲ ਸਟਾਫ ਨੇ ਜਸਕਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਜਸਕਰਨ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਮਾਪਿਆਂ ਦੀ ਯਾਦ ਨੂੰ ਸੇਵਾ ਅਤੇ ਪਰਉਪਕਾਰ ਦੇ ਕੰਮਾਂ ਨਾਲ ਜਿਉਂਦਾ ਰੱਖਣਾ ਸਭ ਤੋਂ ਵੱਡੀ ਸ਼ਰਧਾਂਜਲੀ ਹੁੰਦੀ ਹੈ। ਜਸਕਰਨ ਸਿੰਘ ਵੱਲੋਂ ਕੀਤਾ ਗਿਆ ਇਹ ਉਪਰਾਲਾ ਨਾ ਸਿਰਫ਼ ਹੋਰਨਾਂ ਲਈ ਪ੍ਰੇਰਣਾ ਸਰੋਤ ਹੈ, ਸਗੋਂ ਸਮਾਜ ਵਿੱਚ ਸਿੱਖਿਆ ਅਤੇ ਸੇਵਾ ਪ੍ਰਤੀ ਜਾਗਰੂਕਤਾ ਦਾ ਵੀ ਸੰਦੇਸ਼ ਦਿੰਦਾ ਹੈ।

“ਮਾਪਿਆਂ ਦੀ ਯਾਦ ਵਿੱਚ ਕੀਤਾ ਗਿਆ ਹਰ ਨੇਕ ਕੰਮ ਸਮਾਜ ਲਈ ਇੱਕ ਨਵੀਂ ਰੌਸ਼ਨੀ ਬਣਦਾ ਹੈ। ਸੇਵਾ ਅਤੇ ਦਾਨ ਹੀ ਉਹ ਦੌਲਤ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੀ ਹੈ।”

About The Author

You may have missed