ਕਚਹਿਰੀ ਚੌਂਕ ਪੁੱਲ ਉੱਪਰ ਭਿਆਨਕ ਸੜਕ ਹਾਦਸਾ: ਦੋ ਦੀ ਮੌਤ, ਤਿੰਨ ਗੰਭੀਰ ਜ਼ਖਮੀ

ਬਰਨਾਲਾ-28ਫਰਵਰੀ-(ਰਾਕੇਸ਼ ਜੇਠੀ)-ਕੱਲ ਰਾਤ ਕਰੀਬ 8 ਵਜੇ ਕਚਹਿਰੀ ਚੌਂਕ ਦੇ ਪੁੱਲ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੋਰ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ਨੰਬਰ PB 08EP 2210 ਨੇ ਪਹਿਲਾਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਉਸ ਨੂੰ ਕੁਝ ਦੂਰੀ ਤੱਕ ਘਸੀਟਦੀ ਲੈ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋਨੋਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ, ਜਦਕਿ ਦੂਜੇ ਦੀ ਪਹਿਚਾਣ ਅਜੇ ਨਹੀਂ ਹੋ ਸਕੀ।
ਇਸ ਦੌਰਾਨ ਇੱਕ ਹੋਰ ਮੋਟਰਸਾਈਕਲ ਵੀ ਸਕਾਰਪੀਓ ਦੀ ਚਪੇਟ ਵਿੱਚ ਆ ਗਿਆ। ਇਸ ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਖਮੀਆਂ ਦੀ ਪਹਿਚਾਣ ਰਮਨਦੀਪ ਸਿੰਘ ਪੁੱਤਰ ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ (ਵਾਸੀ ਬਰਨਾਲਾ) ਅਤੇ ਮਨਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਵਜੋਂ ਹੋਈ ਹੈ। ਤਿੰਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੋਟਰਸਾਈਕਲ ਨੰਬਰ PB10DV 6610 ਤੇ ਨੰਬਰ PB19P 2934 ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਗੱਡੀ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਟਰੈਫਿਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ‘ਤੇ ਕਾਬੂ ਪਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ।ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
