ਹੰਡਿਆਇਆ ਵਿਖੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ….

ਹਰਮਨਦੀਪ ਸਿੰਘ ਦੀ ਫਾਈਲ ਫੋਟੋ
ਹੰਡਿਆਇਆ -28ਜੁਲਾਈ (ਰਾਕੇਸ਼ ਜੇਠੀ)-ਕਸਬਾ ਹੰਡਿਆਇਆ ਦੇ ਬੀਕਾ ਸੂਚ ਪੱਤੀ ਦੇ ਅੰਡਰ ਬ੍ਰਿਜ ਹੇਠੋਂ ਮੋਟਰਸਾਈਕਲ ਤੇ ਜਾ ਰਹੇ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਖੋਂ ਕਲਾਂ ਦੇ ਨਿਵਾਸੀ ਹਰਮਨਦੀਪ ਸਿੰਘ(22) ਉਰਫ ਗੱਭਰੂ ਪੁੱਤਰ ਤਾਰਾ ਸਿੰਘ ਆਪਣੇ ਦੋ ਦੋਸਤਾਂ ਨਾਲ ਬਰਨਾਲਾ ਤੋਂ ਹੰਡਿਆਇਆ ਵੱਲ ਜਾ ਰਹੇ ਸਨ। ਹਰਮਨਦੀਪ ਸਿੰਘ ਜੋ ਕਿ ਮੋਟਰਸਾਈਕਲ ਚਲਾ ਰਿਹਾ ਸੀ, ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ ਮੋਟਰਸਾਈਕਲ ਦਾ ਬੈਲਂਸ ਵਿਗੜ ਗਿਆ ਅਤੇ ਤਿੰਨੋ ਜਣੇ ਹੇਠਾਂ ਡਿੱਗ ਗਏ। ਉਸ ਦੀ ਹਾਲਤ ਨੂੰ ਦੇਖਦੇ ਹੋਏ ਨਾਲ ਦੇ ਦੋਸਤਾਂ ਨੇ 108 ਨੰਬਰ ਤੇ ਫੋਨ ਕਰ ਐਂਬੂਲੈਂਸ ਨੂੰ ਸੱਦਿਆ। ਹਸਪਤਾਲ ਪਹੁੰਚਣ ਉਪਰੰਤ ਡਾਕਟਰਾਂ ਨੇ ਹਰਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਦਾ ਕੱਲ ਨੂੰ ਪੋਸਟਮਾਰਟਮ ਕਰਕੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ ਨਸ਼ੇ ਦਾ ਆਦੀ ਸੀ। ਉਸਦੇ ਦੋਸਤ ਸੁਖਬੀਰ ਸਿੰਘ ਉਰਫ ਗੁਰੀ ਅਤੇ ਸਵਨੀਤ ਸਿੰਘ ਉਰਫ ਹਣੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
