ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਛੇ ਦੇ ਖਿਲਾਫ ਪਰਚਾ ਦਰਜ

ਹੰਡਿਆਇਆ -11 ਜੂਨ – ਬੀਤੇ ਦਿਨੀ ਧਨੌਲਾ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਛੇ ਜਣਿਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਬਰਨਾਲਾ ਮਾਨਸਾ ਰੋਡ ਤੇ ਧਨੌਲਾ ਖੁਰਦ ਤੋਂ ਕੁਝ ਦੂਰ ਖਤਾਨਾ ਵਿੱਚ ਇੱਕ ਲਾਸ਼ ਮਿਲੀ ਸੀ, ਜਿਸ ਦੀ ਪਹਿਚਾਨ ਬਲਜਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਧਨੌਲਾ ਖੁਰਦ ਦੇ ਤੌਰ ਤੇ ਹੋਈ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਗੁਰਦੀਪ ਸਿੰਘ ਉਰਫ ਲੱਡੂ ਪੁੱਤਰ ਬਲਵਿੰਦਰ ਸਿੰਘ ਵਾਸੀ ਹੰਡਿਆਇਆ, ਬਲਜਿੰਦਰ ਸਿੰਘ ਉਰਫ ਗੋਦਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਧਨੌਲਾ ਖੁਰਦ, ਅਜੇ ਸ਼ਰਮਾ ਪੁੱਤਰ ਸੁਖਜੀਵਨ ਸ਼ਰਮਾ ਵਾਸੀ ਬਰਨਾਲਾ, ਜੈਲੋ ਕੌਰ ਪਤਨੀ ਹੰਸਾ ਸਿੰਘ ਵਾਸੀ ਬਰਨਾਲਾ, ਗੁਰਦੀਪ ਸਿੰਘ ਵਾਸੀ ਕੋਠੇ ਡੁਲਟ ਅਤੇ ਪ੍ਰੀਤ ਸਿੰਘ ਉਰਫ ਭੁੰਡੀ ਵਾਸੀ ਬਰਨਾਲਾ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਦੇ ਪਿਤਾ ਸਤਪਾਲ ਸਿੰਘ ਦੇ ਬਿਆਨ ਅਨੁਸਾਰ ਬਲਜਿੰਦਰ ਸਿੰਘ ਨੂੰ 8 ਜੂਨ 2025 ਦੀ ਸ਼ਾਮ 6 ਵਜੇ ਬਲਜਿੰਦਰ ਸਿੰਘ ਉਰਫ ਗੋਦਾ ਅਤੇ ਗੁਰਦੀਪ ਸਿੰਘ ਉਰਫ ਲੱਡੂ ਧਨੋਲਾ ਬਸ ਸਟੈਂਡ ਤੋਂ ਆਪਣੇ ਨਾਲ ਲੈ ਗਏ ਸਨ। ਉਹਨਾਂ ਅਨੁਸਾਰ ਉਪਰੋਕਤ ਦੋਨਾਂ ਦੋਸ਼ੀਆਂ ਨੇ ਅਜੇ ਸ਼ਰਮਾ ਤੇ ਯੈਲੋ ਕੌਰ ਤੋਂ ਨਸ਼ਾ ਲਿਆ ਕੇ ਜਾਣ ਬੁੱਝ ਕੇ ਬਲਜਿੰਦਰ ਸਿੰਘ ਨੂੰ ਜਿਆਦਾ ਮਾਤਰਾ ਵਿੱਚ ਖਵਾਇਆ ਅਤੇ ਗੁਰਦੀਪ ਸਿੰਘ ਤੇ ਪ੍ਰੀਤ ਸਿੰਘ ਉਰਫ ਭੂੰਡੀ ਨੇ ਨਸ਼ੇ ਵਿੱਚ ਧੁੱਤ ਮੇਰੇ ਪੁੱਤਰ ਦੀ ਕੁੱਟਮਾਰ ਕਰਕੇ ਜਾਨੋ ਮਾਰ ਦਿੱਤਾ ਕਿਉਂਕਿ ਕੁਝ ਸਮਾਂ ਪਹਿਲਾਂ ਗੁਰਦੀਪ ਸਿੰਘ ਤੇ ਪ੍ਰੀਤ ਦੀ ਉਹਨਾਂ ਦੇ ਪੁੱਤਰ ਬਲਜਿੰਦਰ ਸਿੰਘ ਨਾਲ ਤਕਰਾਰਬਾਜ਼ੀ ਹੋਈ ਸੀ।
ਇੰਚਾਰਜ ਤਰਸੇਮ ਸਿੰਘ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਪਰੋਕਤ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 82 ਮਿਤੀ 10-06-2025 ਅਧੀਨ 105,115(2),3(5) ਬੀਐਨਸ ਥਾਣਾ ਬਰਨਾਲਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।